ਬਾਕੂ: ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਅਤੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਵਿਚਾਲੇ ਅੱਜ ਇੱਥੇ ਫਿਡੇ ਵਿਸ਼ਵ ਕੱਪ ਸ਼ਤਰੰਜ ਟੂਰਨਾਮੈਂਟ ਦਾ ਦੂਜਾ ਕਲਾਸੀਕਲ ਮੈਚ ਵੀ ਡਰਾਅ ਰਿਹਾ। ਚੈਂਪੀਅਨ ਦਾ ਫ਼ੈਸਲਾ ਹੁਣ ਭਲਕੇ ਵੀਰਵਾਰ ਨੂੰ ਟਾਈਬ੍ਰੇਕਰ ਰਾਹੀਂ ਹੋਵੇਗਾ। ਭਾਰਤੀ ਖਿਡਾਰੀ ਨੂੰ ਕਾਲੇ ਮੋਹਰਿਆਂ ਨਾਲ ਖੇਡਦਿਆਂ ਬਹੁਤੀ ਮੁਸ਼ਕਲ ਨਹੀਂ ਆਈ ਅਤੇ ਦੋਵੇਂ ਖਿਡਾਰੀ 30 ਚਾਲਾਂ ਤੋਂ ਬਾਅਦ ਮੈਚ ਡਰਾਅ ਕਰਨ ਲਈ ਸਹਿਮਤ ਹੋ ਗਏ। ਬੀਤੇ ਦਿਨ ਮੰਗਲਵਾਰ ਨੂੰ ਦੋਵਾਂ ਵਿਚਾਲੇ ਪਹਿਲਾ ਮੈਚ ਵੀ ਡਰਾਅ ਰਿਹਾ ਸੀ। ਭਾਰਤ ਦੇ 18 ਸਾਲਾ ਪ੍ਰਗਨਾਨੰਦਾ ਨੇ ਸੋਮਵਾਰ ਨੂੰ ਸੈਮੀਫਾਈਨਲ ’ਚ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਫੈਬੀਆਨੋ ਕਰੂਆਨਾ ਨੂੰ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਸੀ।