ਨਵੀਂ ਦਿੱਲੀ, 8 ਸਤੰਬਰ
ਭਾਰਤ ਦੇ ਸਾਬਕਾ ਆਫ ਸਪਿੰਨਰ ਹਰਭਜਨ ਸਿੰਘ ਨੇ ਅੱਜ ਕਿਹਾ ਕਿ ਆਗਾਮੀ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਲਈ ਚੁਣੀ ਗਈ 15 ਮੈਂਬਰੀ ਭਾਰਤੀ ਟੀਮ ਵਿੱਚ ਯੁਜ਼ਵੇਂਦਰ ਚਾਹਲ ਅਤੇ ਅਰਸ਼ਦੀਪ ਸਿੰਘ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਅਜੀਤ ਅਗਰਕਰ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਭਾਰਤੀ ਟੀਮ ਵਿੱਚ ਚਾਹਲ ਤੇ ਅਰਸ਼ਦੀਪ ਨੂੰ ਜਗ੍ਹਾ ਨਹੀਂ ਮਿਲੀ ਹੈ। ਹਰਭਜਨ ਨੇ ਸਟਾਰ ਸਪੋਰਟਸ ਵੱਲੋਂ ਕਰਵਾਈ ਗਈ ਇਕ ਵਰਚੁਅਲ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਟੀਮ ਵਿੱਚ ਦੋ ਵਿਅਕਤੀਆਂ ਦੀ ਘਾਟ ਹੈ। ਯੁਜ਼ਵੇਂਦਰ ਚਾਹਲ ਤੇ ਅਰਸ਼ਦੀਪ ਸਿੰਘ। ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹੋਣ ਕਰ ਕੇ ਅਰਸ਼ਦੀਪ ਸਿੰਘ ਕਾਫੀ ਉਪਯੋਗੀ ਰਹਿੰਦਾ।’’ ਉਸ ਨੇ ਕਿਹਾ, ‘‘ਜੇਕਰ ਉਹ ਸ਼ੁਰੂਆਤ ਵਿੱਚ ਦੋ ਵਿਕਟਾਂ ਦਿਵਾ ਦਿੰਦਾ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਸੱਜੇ ਹੱਥ ਦੇ ਗੇਂਦਬਾਜ਼ ਅਜਿਹਾ ਨਹੀਂ ਕਰ ਸਕਦੇ ਪਰ ਖੱਬੇ ਹੱਥ ਦੇ ਬੱਲੇਬਾਜ਼ ਦਾ ਸਟੀਕ ਐਂਗਲ ਵਿਕਟ ਦਿਵਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ।’’ ਆਟਰੇਲੀਆ ਦੇ ਮਿਚੇਲ ਸਟਾਰਕ ਦਾ ਉਦਾਹਰਨ ਦਿੰਦੇ ਹੋਏ ਹਰਭਜਨ ਨੇ ਕਿਹਾ, ‘‘ਤੁਸੀਂ ਦੇਖ ਸਕਦੇ ਹੋ ਕਿ ਸ਼ਾਹੀਨ ਸ਼ਾਹ ਅਫਰੀਕੀ ਤੇ ਮਿਚੇਲ ਸਟਾਰਕ ਕਿੰਨੇ ਪ੍ਰਭਾਵੀ ਸਾਬਿਤ ਹੋ ਰਹੇ ਹਨ।’’ ਉਨ੍ਹਾਂ ਕਿਹਾ, ‘‘ਜਦੋਂ ਆਸਟਰੇਲੀਆ ਨੇ ਵਿਸ਼ਵ ਕੱਪ ਜਿੱਤਿਆ ਤਾਂ ਮਿਚੇਲ ਸਟਾਰਕ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਪਹਿਲੀ ਹੀ ਗੇਂਦ ’ਤੇ ਬਰੈਂਡਨ ਮੈਕੁਲਮ ਨੂੰ ਆਊਟ ਕੀਤਾ। ਉਸ ਰਫ਼ਤਾਰ ਨਾਲ ਅੰਦਰ ਵੱਲ ਨੂੰ ਆਉਂਦੀ ਗੇਂਦ ਹਮੇਸ਼ਾ ਚੁਣੌਤੀਪੂਰਨ ਹੁੰਦੀ ਹੈ।’’ ਹਰਭਜਨ ਨੇ ਕਿਹਾ, ‘‘ਚਾਹਲ ਮੈਚ ਵਿਨਰ ਹੈ। ਉਸ ਨੇ ਕਿਸੇ ਦੂਜੇ ਸਪਿੰਨਰ ਨਾਲੋਂ ਜ਼ਿਆਦਾ ਵਿਕਟਾਂ ਲਈਆਂ ਹਨ। ਉਹ ਕਿਸੇ ਹੋਰ ਦੇਸ਼ ਲਈ ਖੇਡ ਰਿਹਾ ਹੁੰਦਾ ਤਾਂ ਹਰ ਸਮੇਂ ਆਖ਼ਰੀ ਗਿਆਰਾਂ ’ਚ ਹੁੰਦਾ।’’ ਉਸ ਨੇ ਕਿਹਾ, ‘‘ਐਨਾ ਸਭ ਕੁਝ ਸਾਬਿਤ ਕਰਨ ਤੋਂ ਬਾਅਦ ਉਸ ਨੂੰ ਟੀਮ ਵਿੱਚ ਹੋਣਾ ਚਾਹੀਦਾ ਹੈ। ਮੈਂ ਟੀਮ ਪ੍ਰਬੰਧਨ ਦਾ ਹਿੱਸਾ ਹੁੰਦਾ ਤਾਂ ਉਸ ਨੂੰ ਜ਼ਰੂਰ ਚੁਣਦਾ। ਵਿਸ਼ਵ ਕੱਪ ਵਿੱਚ ਇਹ ਖਿਡਾਰੀ ਅਸਰਦਾਰ ਹੁੰਦੇ ਨੇ। ਭਾਰਤ ਨੂੰ ਇਨ੍ਹਾਂ ਦੋਹਾਂ ਦੀ ਘਾਟ ਰੜਕੇਗੀ।’’ਹਰਭਜਨ ਮੁਤਾਬਕ ਸੂਰਿਆਕੁਮਾਰ ਯਾਦਵ ਭਾਰਤੀ ਟੀਮ ਦਾ ‘ਐਕਸ ਫੈਕਟਰ’ ਹੋ ਸਕਦਾ ਹੈ। ਉਸ ਨੇ ਕਿਹਾ ਕਿ ਵਿਰਾਟ ਤੇ ਰੋਹਿਤ ’ਤੇ ਟੀਮ ਨੂੰ ਚੰਗੀ ਸ਼ੁਰੂਆਤ ਦੇਣ ਦੀ ਜ਼ਿੰਮੇਵਾਰੀ ਹੋਵੇਗੀ।