ਮੁੰਬਈ, 24 ਜਨਵਰੀ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਅੱਜ ਕਿਹਾ ਕਿ ਆਸਟਰੇਲੀਆ ਵਿੱਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਦਬਾਅ ’ਚ ਚੰਗਾ ਪ੍ਰਦਰਸ਼ਨ ਕਰਨਾ ਹੀ ਸਫਲਤਾ ਦੀ ਕੁੰਜੀ ਹੋਵੇਗੀ, ਜੋ ਉਸ ਦੀ ਟੀਮ ਬੀਤੇ ਦੋ ਵਿਸ਼ਵ ਕੱਪ ਵਿੱਚ ਨਹੀਂ ਕਰ ਸਕੀ। ਇੰਗਲੈਂਡ ਅਤੇ ਮੇਜ਼ਬਾਨ ਆਸਟਰੇਲੀਆ ਖ਼ਿਲਾਫ਼ ਤਿਕੋਣੀ ਲੜੀ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਨੇ ਇਹ ਗੱਲ ਕਹੀ। ਭਾਰਤੀ ਟੀਮ ਪਿਛਲੇ ਟੀ-20 ਵਿਸ਼ਵ ਕੱਪ ਅਤੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚੋਂ ਬਾਹਰ ਹੋ ਗਈ ਸੀ।
ਹਰਮਨਪ੍ਰੀਤ ਨੇ ਕਿਹਾ, ‘‘ਅਸੀਂ ਪਿਛਲੇ ਦੋ ਵਿਸ਼ਵ ਕੱਪ ਵਿੱਚ ਕਾਫ਼ੀ ਨੇੜੇ ਪਹੁੰਚੇ ਪਰ ਸਾਨੂੰ ਦਬਾਅ ਝੱਲਣਾ ਸਿੱਖਣਾ ਹੋਵੇਗਾ। ਅਸੀਂ ਅਜਿਹਾ ਨਹੀਂ ਕਰ ਸਕੇ।’’ ਉਸ ਨੇ ਕਿਹਾ, ‘‘ਅਸੀਂ ਇਹ ਸੋਚ ਕੇ ਨਹੀਂ ਖੇਡਾਂਗੇ ਕਿ ਇਹ ਵੱਡਾ ਟੂਰਨਾਮੈਂਟ ਹੈ। ਅਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੈ, ਪਰ ਦਬਾਅ ਨਹੀਂ ਲੈਣਾ।’’ ਮਹਿਲਾ ਟੀ-20 ਵਿਸ਼ਵ ਕੱਪ ਆਸਟਰੇਲੀਆ ਵਿੱਚ 21 ਫਰਵਰੀ ਤੋਂ 8 ਮਾਰਚ ਤੱਕ ਖੇਡਿਆ ਜਾਵੇਗਾ। ਭਾਰਤ ਨੂੰ ਗਰੁੱਪ ਗੇੜ ਵਿੱਚ ਆਸਟਰੇਲੀਆ, ਬੰਗਲਾਦੇਸ਼, ਨਿਊਜ਼ੀਲੈਂਡ ਅਤੇ ਸ੍ਰੀਲੰਕਾ ਨਾਲ ਭਿੜਨਾ ਹੋਵੇਗਾ। ਭਾਰਤ ਲਈ 104 ਟੀ-20 ਮੈਚ ਖੇਡ ਚੁੱਕੀ ਹਰਮਨਪ੍ਰੀਤ ਨੇ ਕਿਹਾ ਕਿ ਟੀਮ ਨੂੰ ਦਬਾਅ ਬਾਰੇ ਸੋਚਣ ਦੀ ਥਾਂ ਆਪਣੇ ਹੁਨਰ ਨੂੰ ਤਰਾਸ਼ਣ ’ਤੇ ਧਿਆਨ ਦੇਣਾ ਹੋਵੇਗਾ।
ਸ਼ੇਫਾਲੀ ਵਰਮਾ ਅਤੇ ਰਿਚਾ ਘੋਸ਼ ਵਰਗੀਆਂ ਨਵੀਆਂ ਖਿਡਾਰਨਾ ਬਾਰੇ ਪੁੱਛਣ ’ਤੇ ਹਰਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਰਵਾਇਤੀ ਖੇਡ ਵਿਖਾਉਣੀ ਹੋਵੇਗੀ। ਉਸ ਨੇ ਕਿਹਾ, ‘‘ਦਬਾਅ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਦਬਾਅ ਦੇ ਬਿਨਾਂ ਖੁੱਲ੍ਹ ਕੇ ਖੇਡਾਂਗੇ ਤਾਂ ਆਪਣਾ ਸੌ ਫ਼ੀਸਦੀ ਦੇ ਸਕਾਂਗੇ। ਅਸੀਂ ਵਿਸ਼ਵ ਕੱਪ ਤੋਂ ਪਹਿਲਾਂ ਇਹ ਤਿਕੋਣੀ ਲੜੀ ਖੇਡ ਰਹੇ ਹਾਂ, ਜਿਸ ਨਾਲ ਤਿਆਰੀਆਂ ਵਿੱਚ ਕਾਫ਼ੀ ਮਦਦ ਮਿਲੇਗੀ।’’ ਆਪਣੇ ਨਿੱਜੀ ਪ੍ਰਦਰਸ਼ਨ ਬਾਰੇ ਉਸ ਨੇ ਕਿਹਾ ਕਿ ਬੀਤਿਆ ਸਾਲ ਚੰਗਾ ਨਹੀਂ ਰਿਹਾ, ਪਰ ਸਾਲ 2020 ਵਿੱਚ ਉਸ ਨੂੰ ਕਾਫ਼ੀ ਉਮੀਦਾਂ ਹਨ।