ਭੋਪਾਲ:ਭਾਰਤ ਦੇ ਸਰਬਜੋਤ ਸਿੰਘ ਨੇ ਆਈਐੱਸਐੱਸਐੱਫ ਪਿਸਟਲ ਰਾਈਫਲ ਵਿਸ਼ਵ ਕੱਪ ਵਿੱਚ ਪੁਰਸ਼ਾਂ ਦੇ ਏਅਰ ਪਿਸਟਲ ਵਰਗ ਵਿੱਚ ਸੋਨ ਤਮਗਾ ਜਦਕਿ ਵਰੁਣ ਤੋਮਰ ਨੇ ਇਸੇ ਈਵੈਂਟ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਹਾਲਾਂਕਿ ਭਾਰਤੀ ਮਹਿਲਾ ਏਅਰ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ, ਦਿਵਿਆ ਸੁਬਾਰਾਜੂ ਅਤੇ ਰਿਧਮ ਸਾਂਗਵਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਰਬਜੋਤ ਨੇ ਅਜ਼ਰਬਾਇਜਾਨ ਦੇ ਰੁਸਲਾਨ ਲੁਨੇਵ ਨੂੰ 16-0 ਨਾਲ ਹਰਾਇਆ। ਉਸ ਨੇ ਕੁਆਲੀਫਿਕੇਸ਼ਨ ਸੀਰੀਜ਼ ਵਿੱਚ 98, 97, 99, 97, 97, 97 ਦਾ ਸਕੋਰ ਬਣਾਇਆ। ਚੀਨ ਦਾ ਲਿਊ ਜਿਨਯਾਓ ਦੂਜੇ ਸਥਾਨ ’ਤੇ ਰਿਹਾ। ਰੈਂਕਿੰਗ ਗੇੜ ਵਿੱਚ ਸਰਬਜੋਤ ਨੇ 253.2 ਅਤੇ ਰੁਸਲਾਨ ਨੇ 251.9 ਅੰਕ ਬਣਾਏ ਸਨ। ਵਰੁਣ 250.3 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਮਹਿਲਾ ਵਰਗ ਵਿੱਚ ਦਿਵਿਆ ਨੇ ਕੁਆਲੀਫਿਕੇਸ਼ਨ ਗੇੜ ਵਿੱਚ 579 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਉਹ ਫਾਈਨਲ ’ਚ ਪੰਜਵੇਂ ਸਥਾਨ ’ਤੇ ਰਹੀ। ਰਿਧਮ ਅਤੇ ਮਨੂ ਰੈਂਕਿੰਗ ਗੇੜ ਵਿੱਚ ਜਗ੍ਹਾ ਨਹੀਂ ਬਣਾ ਸਕੀਆਂ।