ਲੰਡਨ, 26 ਜੂਨ
ਕਪਤਾਨ ਆਰੋਨ ਫਿੰਚ (100) ਦੀ ਸੈਂਕੜੇ ਵਾਲੀ ਪਾਰੀ ਤੇ ਜੇਸਨ ਬੇਰਹਨਡੋਰਫ (44/5) ਤੇ ਮਿਸ਼ੇਲ ਸਟਾਰਕ(43/4) ਦੀ ਸ਼ਾਨਦਾਰ ਗੇਂਦਬਾਜ਼ੀ ਆ ਦੇ ਦਮ ’ਤੇ ਆਸਟਰੇਲੀਨੇ ਅੱਜ ਮੇਜ਼ਬਾਨ ਇੰਗਲੈਂਡ ਖ਼ਿਲਾਫ਼ 64 ਦੌੜਾਂ ਦੀ ਜਿੱਤ ਦਰਜ ਕਰਦਿਆਂ ਵਿਸ਼ਵ ਕੱਪ ਦੇ ਸੈਮੀ ਫਾਈਨਲ ਗੇੜ ਵਿੱਚ ਥਾਂ ਪੱਕੀ ਕਰ ਲਈ। ਆਸਟਰੇਲੀਆ ਵੱਲੋਂ ਸੱਤ ਵਿਕਟਾਂ ਦੇ ਨੁਕਸਾਨ ਨਾਲ ਬਣਾਈਆਂ 285 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ 44.4 ਓਵਰਾਂ ਵਿੱਚ 221 ਦੌੜਾਂ ਹੀ ਬਣਾ ਸਕੀ। ਇੰਗਲੈਂਡ ਲਈ ਬੈੱਨ ਸਟੋਕਸ ਨੇ 115 ਗੇਂਦਾਂ ਵਿੱਚ 8 ਚੌਕਿਆਂ ਤੇ ਦੋ ਚੌਕਿਆਂ ਦੀ ਮਦਦ ਨਾਲ 89 ਦੌੜਾਂ ਦਾ ਸਰਵੋਤਮ ਸਕੋਰ ਬਣਾਇਆ। ਵਿਕਟ ਕੀਪਰ ਬੱਲੇਬਾਜ਼ ਜੋਸ ਬਟਲਰ ਨੇ 25, ਕ੍ਰਿਸ ਵੋਕਸ ਨੇ 26 ਤੇ ਜੌਹਨੀ ਬੇਅਰਸਟੋ ਨੇ 27 ਦੌੜਾਂ ਬਣਾਈਆਂ। ਵਿਸ਼ਵ ਦੀ ਅੱਵਲ ਨੰਬਰ ਟੀਮ ਤੇ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾਂਦੀ ਇੰਗਲੈਂਡ ਦੀ ਸੱਤ ਮੈਚਾਂ ਵਿੱਚ ਤੀਜੀ ਹਾਰ ਹੈ। ਅੱਜ ਦੀ ਹਾਰ ਨਾਲ ਮੇਜ਼ਬਾਨ ਟੀਮ ਦੀਆਂ ਸੈਮੀ ਫਾਈਨਲ ਗੇੜ ਵਿੱਚ ਪੁੱਜਣ ਦੀਆਂ ਆਸਾਂ ਨੂੰ ਕਰਾਰਾ ਝਟਕਾ ਲੱਗਾ ਹੈ। ਇੰਗਲੈਂਡ ਦੇ ਅੱਠ ਅੰਕ ਹਨ ਤੇ ਉਸ ਨੂੰ ਸੈਮੀ ਫਾਈਨਲ ਵਿੱਚ ਦਾਖ਼ਲੇ ਲਈ ਭਾਰਤ ਤੇ ਨਿਊਜ਼ੀਲੈਂਡ ਖ਼ਿਲਾਫ਼ ਆਪਣੇ ਦੋਵੇਂ ਮੈਚ ਜਿੱਤਣੇ ਹੋਣਗੇ। ਉਧਰ ਆਸਟਰੇਲੀਅਨ ਟੀਮ ਸੱਤ ਮੈਚਾਂ ਵਿੱਚ 12 ਅੰਕਾਂ ਨਾਲ ਸਿਖਰ ’ਤੇ ਪੁੱਜ ਗਈ ਹੈ।
ਇਸ ਤੋਂ ਪਹਿਲਾਂ ਫਿੰਚ ਨੇ ਡੇਵਿਡ ਵਾਰਨਰ (61 ਗੇਂਦਾਂ ’ਤੇ 53 ਦੌੜਾਂ) ਨਾਲ ਪਹਿਲੀ ਵਿਕਟ ਲਈ 123 ਦੌੜਾਂ ਦੀ ਭਾਈਵਾਲੀ ਕੀਤੀ। ਜਦੋਂ ਇਹ ਦੋਵੇਂ ਖੇਡ ਰਹੇ ਸਨ ਤਾਂ ਆਸਟਰੇਲੀਆ ਵੱਡੇ ਸਕੋਰ ਵੱਲ ਵਧਦਾ ਨਜ਼ਰ ਆ ਰਿਹਾ ਸੀ, ਪਰ ਇੰਗਲੈਂਡ ਨੇ ਸ਼ਾਨਦਾਰ ਵਾਪਸੀ ਕਰਕੇ ਲਗਾਤਾਰ ਵਿਕਟਾਂ ਲਈਆਂ। ਅਲੈਕਸ ਕੈਰੀ (27 ਗੇਂਦਾਂ ’ਤੇ ਨਾਬਾਦ 38 ਦੌੜਾਂ) ਨੇ ਡੈੱਥ ਓਵਰਾਂ ਵਿੱਚ ਚੰਗੀ ਜ਼ਿੰਮੇਵਾਰੀ ਨਿਭਾਈ, ਜਿਸ ਕਾਰਨ ਆਸਟਰੇਲੀਆ ਚੁਣੌਤੀ ਦੇਣ ਯੋਗ ਸਕੋਰ ਤੱਕ ਪਹੁੰਚਿਆ। ਸਟੀਵ ਸਮਿੱਥ ਨੇ 34 ਗੇਂਦਾਂ ਵਿੱਚ 38 ਦੌੜਾਂ ਬਣਾਈਆਂ।
ਆਸਟਰੇਲੀਆ ਦਾ ਸਕੋਰ ਇੱਕ ਸਮੇਂ ਇੱਕ ਵਿਕਟ ’ਤੇ 173 ਦੌੜਾਂ ਸੀ, ਪਰ ਇਸ ਮਗਰੋਂ ਉਸ ਨੇ 86 ਦੌੜਾਂ ਦੇ ਅੰਦਰ ਪੰਜ ਵਿਕਟਾਂ ਗੁਆ ਲਈਆਂ ਅਤੇ ਇਸ ਤਰ੍ਹਾਂ 300 ਦੌੜਾਂ ਵੀ ਨਹੀਂ ਬਣਾ ਸਕਿਆ। ਕ੍ਰਿਸ ਵੋਕਸ (46 ਦੌੜਾਂ ਦੇ ਕੇ ਦੋ ਵਿਕਟਾਂ) ਨੇ ਦੂਜੇ ਸਪੈਲ ਵਿੱਚ ਚੰਗੀ ਗੇਂਦਬਾਜ਼ੀ ਕੀਤੀ। ਬੈਨ ਸਟੌਕਸ, ਮੋਈਨ ਅਲੀ, ਮਾਰਕ ਵੁੱਡ ਅਤੇ ਜੌਫਰਾ ਆਰਚਰ ਨੇ ਇੱਕ-ਇੱਕ ਵਿਕਟ ਲਈ। ਫਿੰਚ ਅਤੇ ਵਾਰਨਰ ਨੇ ਲਗਾਤਾਰ ਪੰਜਵੀਂ ਵਾਰ ਘੱਟ ਤੋਂ ਘੱਟ ਅਰਧ ਸੈਂਕੜੇ ਵਾਲੀ ਭਾਈਵਾਲੀ ਕੀਤੀ, ਜੋ ਕਿ ਰਿਕਾਰਡ ਹੈ।
ਫਿੰਚ ਸ਼ੁਰੂ ਵਿੱਚ ਕੁੱਝ ਕਰੀਬੀ ਅਪੀਲਾਂ ਤੋਂ ਬਚਿਆ। ਉਹ ਜਦੋਂ 15 ਦੌੜਾਂ ’ਤੇ ਸੀ ਤਾਂ ਜੇਮਜ਼ ਵਿੰਸ ਉਸ ਦਾ ਮੁਸ਼ਕਲ ਕੈਚ ਨਹੀਂ ਲੈ ਪਾਇਆ। ਫਿਰ ਕ੍ਰਿਸ ਵੋਕਸ ਨੇ ਉਸ ਖ਼ਿਲਾਫ਼ ਐਲਬੀਡਬਲਯੂ ਦੀ ਅਪੀਲ ਠੁਕਰਾਉਣ ’ਤੇ ਡੀਆਰਐਸ ਲਿਆ ਸੀ। ਇਸ ਤੋਂ ਬਾਅਦ ਉਸ ਨੇ ਬੇਝਿਜਕ ਹੋ ਕੇ ਬੱਲੇਬਾਜ਼ੀ ਕੀਤੀ ਅਤੇ ਇੱਕ ਰੋਜ਼ਾ ਵਿੱਚ ਆਪਣਾ 15ਵਾਂ ਸੈਂਕੜਾ ਮਾਰਿਆ। ਵਾਰਨਰ ਨੂੰ ਉਮੀਦ ਅਨੁਸਾਰ ਦਰਸ਼ਕਾਂ ਦੀ ਹੂਟਿੰਗ ਦਾ ਸਾਹਮਣਾ ਕਰਨਾ ਪਿਆ, ਪਰ ਉਸ ਦੀ ਬੱਲੇਬਾਜ਼ੀ ’ਤੇ ਇਸ ਦਾ ਕੋਈ ਅਸਰ ਨਹੀਂ ਦਿਸਿਆ।
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 20ਵੇਂ ਓਵਰ ਵਿੱਚ ਆਪਣੇ ਕਰੀਅਰ ਦਾ 20ਵਾਂ ਅਰਧ ਸੈਂਕੜਾ ਪੂਰਾ ਕੀਤਾ, ਪਰ ਇਸ ਤੋਂ ਬਾਅਦ ਮੋਈਨ ਅਲੀ ਦੀ ਗੇਂਦ ’ਤੇ ਗ਼ਲਤ ਸ਼ਾਟ ਖੇਡ ਕੇ ਜੋਏ ਰੂਟ ਨੂੰ ਕੈਚ ਦੇ ਦਿੱਤਾ। ਇੰਗਲੈਂਡ ਨੇ ਇੱਥੋਂ ਚੰਗੀ ਵਾਪਸੀ ਕੀਤੀ। ਬੈਨ ਸਟੌਕਸ ਨੇ ਖ਼ੂਬਸੂਰਤ ਗੇਂਦ ’ਤੇ ਉਸਮਾਨ ਖਵਾਜਾ (29 ਗੇਂਦਾਂ ‘ਤੇ 23 ਦੌੜਾਂ) ਦੀਆਂ ਵਿਕਟਾਂ ਉਖਾੜ ਦਿੱਤੀਆਂ। ਫਿੰਚ ਸੈਂਕੜਾ ਪੂਰਾ ਕਰਨ ਮਗਰੋਂ ਆਰਚਰ ਦੀ ਸ਼ਾਟ ਪਿੱਚ ਗੇਂਦ ’ਤੇ ਖ਼ਰਾਬ ਸ਼ਾਟ ਖੇਡਣ ਕਾਰਨ ਕੈਚ ਆਊਟ ਹੋ ਗਿਆ।