ਵੜੋਦਰਾ/ਅਹਿਮਦਾਬਾਦ, 28 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਦੋਸ਼ ਲਾਇਆ ਕਿ ਵਿਰੋਧੀ ਧਿਰਾਂ ਨੇ ਮਹਿਲਾ ਰਾਖ਼ਵਾਂਕਰਨ ਬਿੱਲ ਨੂੰ ਤਿੰਨ ਦਹਾਕਿਆਂ ਤੱਕ ਰੋਕ ਕੇ ਰੱਖਿਆ ਤੇ ਜਦ ਇਹ ਬਿੱਲ ਪਾਸ ਹੋ ਗਿਆ ਹੈ ਤਾਂ ਉਹ ਔਰਤਾਂ ਨੂੰ ਜਾਤੀ ਤੇ ਧਰਮ ਦੇ ਅਧਾਰ ਉਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਸੰਸਦ ਦੇ ਦੋਵਾਂ ਸਦਨਾਂ ਵਿਚ ਬਿੱਲ ਪਾਸ ਹੋਣ ਉਤੇ ਉਨ੍ਹਾਂ (ਮੋਦੀ) ਦਾ ਧੰਨਵਾਦ ਕਰਨ ਲਈ ਸੱਤਾਧਾਰੀ ਭਾਜਪਾ ਵੱਲੋਂ ਕਰਵਾਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਮੋਦੀ ਨੇ ਇਸ ਮੌਕੇ ਹਾਜ਼ਰ ਹਜ਼ਾਰਾਂ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਧਿਰਾਂ ਨੇ ਪੂਰੇ ਮਨ ਨਾਲ ਬਿੱਲ ਦਾ ਸਮਰਥਨ ਨਹੀਂ ਕੀਤਾ ਹੈ। ਮੋਦੀ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਆਗੂ ਅਤੀਤ ਵਿਚ ਇਸ ਮਾਮਲੇ ਉਤੇ ‘ਮੈਚ ਫਿਕਸਿੰਗ’ ਕਰਦੇ ਰਹੇ ਹਨ ਤਾਂ ਕਿ ਬਿੱਲ ਨੂੰ ਸੰਸਦ ਦੀ ਮਨਜ਼ੂਰੀ ਨਾ ਮਿਲੇ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਇਨ੍ਹਾਂ ਤੋਂ ਚੌਕਸ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਜਦ ਉਨ੍ਹਾਂ ਬਿੱਲ ਪਾਸ ਕਰਵਾ ਦਿੱਤਾ ਹੈ ਤਾਂ ਵਿਰੋਧੀ ਧਿਰ ਔਰਤਾਂ ਨੂੰ ਵੰਡਣ ਦੀ ਸਾਜ਼ਿਸ਼ ਕਰ ਰਹੀ ਹੈ। ਮੋਦੀ ਨੇ ਵਿਰੋਧੀ ਧਿਰਾਂ ਦੇ ਗੱਠਜੋੜ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ਇਹ ਇੰਡੀਆ ਨਹੀਂ, ਬਲਕਿ ਘਮੰਡੀਆਂ ਦਾ ਗੱਠਜੋੜ ਹੈ।’ ਇਸ ਤੋਂ ਪਹਿਲਾਂ ਅਹਿਮਦਾਬਾਦ ਵਿਚ ਇਕ ਸਮਾਗਮ ਦੌਰਾਨ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਭਾਰਤ ਨੂੰ ਆਲਮੀ ਵਿਕਾਸ ਦਾ ਇੰਜਣ ਬਣਾਉਣਾ ਹੈ। ਉਨ੍ਹਾਂ ਆਸ ਜਤਾਈ ਕਿ ਭਾਰਤ ਜਲਦੀ ਹੀ ਦੁਨੀਆ ਦੇ ਆਰਥਿਕ ਧੁਰੇ ਵਜੋਂ ਉੱਭਰੇਗਾ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਤੇ ਰਾਜਪਾਲ ਅਚਾਰੀਆ ਦੇਵਵ੍ਰਤ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਵਾਈਬ੍ਰੈਂਟ ਗੁਜਰਾਤ ਸਮਿੱਟ’ ਦੇ 20 ਵਰ੍ਹੇ ਮੁਕੰਮਲ ਹੋਣ ’ਤੇ ਖ਼ੁਸ਼ੀ ਜ਼ਾਹਿਰ ਕੀਤੀ ਤੇ ਕਿਹਾ ਕਿ ਪਿਛਲੀਆਂ ਕੇਂਦਰ ਸਰਕਾਰਾਂ (ਯੂਪੀਏ ਸਰਕਾਰ) ਦੀ ਰਾਜ ਦੀ ਉਦਯੋਗਿਕ ਤਰੱਕੀ ਵਿਚ ‘ਕੋਈ ਦਿਲਚਸਪੀ ਨਹੀਂ ਸੀ।’

ਗੁਜਰਾਤ ਦੇ ਦੌਰੇ ਉਤੇ ਆਏ ਪ੍ਰਧਾਨ ਮੰਤਰੀ ਮੋਦੀ ਨੇ ਆਦਵਿਾਸੀ ਬਹੁਗਿਣਤੀ ਵਾਲੇ ਛੋਟਾਉਦੈਪੁਰ ਜ਼ਿਲ੍ਹੇ ਵਿਚ ਕਿਹਾ, ‘ਮੇਰੇ ਕੋਲ ਘਰ ਨਹੀਂ ਹੈ, ਪਰ ਮੇਰੀ ਸਰਕਾਰ ਨੇ ਦੇਸ਼ ਦੀਆਂ ਲੱਖਾਂ ਧੀਆਂ ਨੂੰ ਘਰਾਂ ਦੀ ਮਾਲਕੀ ਦਿੱਤੀ ਹੈ।’ ਉਨ੍ਹਾਂ ਕਿਹਾ ਕਿ ਆਦਵਿਾਸੀ, ਅਨੁਸੂਚਿਤ ਜਾਤੀ ਤੇ ਜਨਜਾਤੀ ਵਰਗਾਂ ਦੀਆਂ ਕਰੋੜਾਂ ਔਰਤਾਂ ਹੁਣ ਲੱਖਪਤੀ ਹੋ ਗਈਆਂ ਹਨ ਕਿਉਂਕਿ ਉਨ੍ਹਾਂ ਕੋਲ ਸਰਕਾਰੀ ਸਕੀਮਾਂ ਤਹਿਤ ਉਸਾਰੇ ਗਏ ਘਰ ਹਨ। ਪ੍ਰਧਾਨ ਮੰਤਰੀ ਨੇ ਅੱਜ ਇੱਥੇ ਕਰੀਬ 5 ਹਜ਼ਾਰ ਕਰੋੜ ਰੁਪਏ ਦਾ ਪ੍ਰਾਜੈਕਟ ਲਾਂਚ ਕੀਤੇ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਅੱਜ ਆਕਾਸ਼ਵਾਣੀ ਦਾਹੋਦ ਐਫਐਮ ਰਿਲੇਅ ਸਟੇਸ਼ਨ ਪ੍ਰਾਜੈਕਟ ਦਾ ਵੀ ਨੀਂਹ ਪੱਥਰ ਰੱਖਿਆ।