ਨਵੀਂ ਦਿੱਲੀ, 12 ਅਗਸਤ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਰਾਜ ਸਭਾ ‘ਚ ਕੁਝ ਮਹਿਲਾ ਸੰਸਦ ਮੈਂਬਰਾਂ ਦੀ ਕਥਿਤ ਖਿੱਚ-ਧੂਹ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ। ਉਨ੍ਹਾਂ ਨੇ ਇਸ ਮਸਲੇ ਸਣੇ ਪੈਗਾਸਸ ਤੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਸ੍ਰੀ ਗਾਂਧੀ ਨੇ ਦੋਸ਼ ਲਗਾਇਆ ਕਿ ਰਾਜ ਸਭਾ ਵਿੱਚ ਸੰਸਦ ਮੈਂਬਰਾਂ ਨੂੰ ਕੁੱਟਿਆ ਗਿਆ ਤੇ ਇਸ ਸੰਸਦ ਸੈਸ਼ਨ ਵਿੱਚ ਦੇਸ਼ ਦੇ 60 ਫੀਸਦ ਲੋਕਾਂ ਦੀ ਆਵਾਜ਼ ਦਬਾਈ ਗਈ, ਬੇਇੱਜ਼ਤ ਕੀਤਾ ਗਿਆ ਤੇ ਵਿਰੋਧ ਧਿਰ ਨੂੰ ਮਸਲੇ ਚੁੱਕਣ ਦਾ ਮੌਕਾ ਨਹੀ ਦਿੱਤਾ ਗਿਆ।
ਇਸ ਤੋਂ ਪਹਿਲਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੇ ਸੰਸਦ ਭਵਨ ਵਿਚਲੇ ਚੈਂਬਰ ਵਿੱਚ ਮੀਟਿੰਗ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਨੇ ਸੰਸਦ ਭਵਨ ਤੋਂ ਵਿਜੈ ਚੌਕ ਤੱਕ ਮਾਰਚ ਕੀਤਾ। ਇਸ ਦੌਰਾਨ ਕਈ ਨੇਤਾਵਾਂ ਨੇ ਬੈਨਰ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਬੈਨਰ ‘ਤੇ ਲਿਖਿਆ ਸੀ’ ਅਸੀਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰਦੇ ਹਾਂ। ਵਿਰੋਧੀ ਨੇਤਾਵਾਂ ਨੇ ‘ਜਾਸੂਸੀ ਬੰਦ ਕਰੋ’, ‘ਕਾਲੇ ਕਾਨੂੰਨ ਵਾਪਸ ਲਓ’ ਅਤੇ ‘ਲੋਕਤੰਤਰ ਦੀ ਹੱਤਿਆ ਬੰਦ ਕਰੋ’ ਦੇ ਨਾਅਰੇ ਵੀ ਲਗਾਏ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਵਿੱਚ ਸ੍ਰੀ ਖੜਗੇ, ਰਾਹੁਲ ਗਾਂਧੀ, ਲੋਕ ਸਭਾ ਵਿੱਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਸੀਨੀਅਰ ਕਾਂਗਰਸੀ ਨੇਤਾ ਜੈਰਾਮ ਰਮੇਸ਼ ਅਤੇ ਆਨੰਦ ਸ਼ਰਮਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ, ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਰਾਮ ਗੋਪਾਲ ਯਾਦਵ, ਡੀਐੱਮਕੇ ਦੇ ਟੀਆਰ ਬਾਲੂ, ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ ਤੇ ਕਈ ਹੋਰ ਨੇਤਾ ਸ਼ਾਮਲ ਸਨ। ਅਖੀਰ ਵਿੱਚ ਇਨ੍ਹਾਂ ਨੇਤਾਵਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ।