‍‍‍ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਪੱਬਪਾ ਤੇ ਓਨਟਾਰੀਓ ਫਰੈਂਡ ਕਲੱਬ ਦੇ ਸਹਿਯੋਗ ਨਾਲ 22 ਫ਼ਰਵਰੀ 2025 ਨੂੰ ਵਿਰਾਸਤ -ਏ- ਖ਼ਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸਨਮਾਨ ਸਮਾਰੋਹ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਮਾਨਯੋਗ ਸਰਦਾਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਇਹ ਜਾਣਕਾਰੀ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦਿੱਤੀ
‍ਜ਼ਿਕਰਯੋਗ ਹੈ ਕਿ ਵਿਰਾਸਤ -ਏ- ਖ਼ਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੰਤਰਰਾਸ਼ਟਰੀ ਪੱਧਰ ਦਾ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਤਿੰਨ ਵੱਖ-ਵੱਖ ਪੜਾਵਾਂ ਵਿੱਚ ਸਨਮਾਨ ਕੀਤਾ ਜਾਵੇਗਾ। ਜਿਸ ਵਿੱਚ ਕ੍ਰਮਵਾਰ ਪੰਜਾਬੀ ਨਾਇਕ, ਪੰਜਾਬੀ ਸਾਹਿਤਕਾਰ/ਵਿਦਵਾਨ/ਸਮਾਜ ਸੇਵੀ ਅਤੇ ਜਗਤ ਪੰਜਾਬੀ ਸਭਾ ਦੇ ਸਰਗਰਮ ਮੈਂਬਰ ਸ਼ਾਮਿਲ ਹੋਣਗੇ ।
ਸ. ਚੱਠਾ ਨੇ ਦੱਸਿਆ ਕਿ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਉਨ੍ਹਾਂ ਵੱਲੋਂ ਸਤਿਕਾਰਯੋਗ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਨੂੰ ਅਦਬ ਸਹਿਤ ਸੱਦੇ ਪੱਤਰ ਭੇਜੇ ਜਾ ਚੁੱਕੇ ਹਨ ਅਤੇ ਜਿਨ੍ਹਾਂ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਵੱਲੋਂ ਸਨਮਾਨ ਸਮਾਰੋਹ ਵਿੱਚ ਪਹੁੰਚਣ ਦੀ ਸਹਿਮਤੀ ਪ੍ਰਗਟਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਗਤ ਪੰਜਾਬੀ ਸਭਾ ਕੈਨੇਡਾ ਦੀ ਸਮੁੱਚੀ ਟੀਮ 21 ਫ਼ਰਵਰੀ ਤੱਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਜਾਵੇਗੀ ਤਾਂ ਜੋ ਆਪੋ ਆਪਣੀਆਂ ਜਿੰਮੇਵਾਰੀਆਂ ਨੂੰ ਬਾਖ਼ੂਬੀ ਨਾਲ ਨਿਭਾਇਆ ਜਾ ਸਕੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਰਾਸਤ -ਏ- ਖ਼ਾਲਸਾ ਵਿਖੇ ਹੋਣ ਵਾਲਾ ਸਨਮਾਨ ਸਮਾਰੋਹ ਯਾਦਗਾਰੀ ਪੈੜਾਂ ਸਥਾਪਿਤ ਕਰੇਗਾ।