ਨੂਰ-ਸੁਲਤਾਨ (ਕਜ਼ਾਖ਼ਸਤਾਨ), ਭਾਰਤ ਦੀ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਵਿਨੇਸ਼ ਫੋਗਾਟ ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸਖ਼ਤ ਡਰਾਅ ਮਿਲਿਆ ਹੈ। ਉਸ ਨੂੰ ਪਹਿਲੇ ਗੇੜ ਵਿੱਚ ਹੀ ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਸੋਫੀਆ ਮੈਟਸਨ ਨਾਲ ਭਿੜਨਾ ਹੋਵੇਗਾ। ਵਿਨੇਸ਼ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਛੇ ਵਾਰ ਦੀ ਤਗ਼ਮਾ ਜੇਤੂ ਸੋਫੀਆ ਨੂੰ ਬੀਤੇ ਮਹੀਨੇ ਪੋਲੈਂਡ ਵਿੱਚ ਹਰਾਇਆ ਸੀ, ਪਰ ਇੱਥੇ ਪਹਿਲੇ ਗੇੜ ਵਿੱਚ ਸਵੀਡਨ ਦੀ ਇਸ ਪਹਿਲਵਾਨ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੋਵੇਗਾ। ਯੂਰੋਪੀ ਚੈਂਪੀਅਨਸ਼ਿਪ ਵਿੱਚ ਚਾਰ ਸੋਨ ਤਗ਼ਮੇ ਜਿੱਤਣ ਵਾਲੀ 29 ਸਾਲਾ ਸੋਫੀਆ ਭਾਰਤੀ ਉਮੀਦਾਂ ਦੇ ਰਾਹ ਵਿੱਚ ਵੱਡਾ ਰੋੜਾ ਬਣ ਸਕਦੀ ਹੈ। ਉਹ 55 ਕਿਲੋ ਵਿੱਚ ਵਿਸ਼ਵ ’ਚ ਪੰਜਵੇਂ ਨੰਬਰ ’ਤੇ ਹੈ ਜੋ ਕਿ ਗ਼ੈਰ-ਓਲੰਪਿਕ ਭਾਰ ਵਰਗ ਹੈ। ਵਿਨੇਸ਼ 53 ਕਿਲੋ ਵਿੱਚ ਛੇਵੇਂ ਨੰਬਰ ’ਤੇ ਹੈ। ਜੇਕਰ ਉਹ ਸੋਫੀਆ ਨੂੰ ਹਰਾਉਣ ਵਿੱਚ ਸਫਲ ਰਹਿੰਦੀ ਹੈ ਤਾਂ ਉਸ ਨੂੰ 55 ਕਿਲੋ ਵਿੱਚ ਵਿਸ਼ਵ ਵਿੱਚ ਨੰਬਰ ਦੋ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਮਾਯੂ ਮੁਕੈਦਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਥੋਂ ਜਿੱਤ ਦਰਜ ਕਰਨ ਮਗਰੋਂ ਵਿਸ਼ਵ ਦੀ ਅੱਵਲ ਨੰਬਰ ਅਤੇ ਪਿਛਲੀ ਵਾਰ ਉਪ ਜੇਤੂ ਸਰਾਹ ਐਨ ਹਿਲਡਰਬਰਾਂਟ ਕੁਆਰਟਰ ਫਾਈਨਲ ਵਿੱਚ ਇਸ ਭਾਰਤੀ ਨੂੰ ਚੁਣੌਤੀ ਦੇ ਸਕਦੀ ਹੈ। ਅਭਿਆਸ ਦੌਰਾਨ ਲੱਗ ਰਿਹਾ ਸੀ ਕਿ ਸਖ਼ਤ ਡਰਾਅ ਕਾਰਨ ਵਿਨੇਸ਼ ਵੀ ਥੋੜ੍ਹੀ ਫਿਕਰਮੰਦ ਹੈ। ਟਰੇਨਰਾਂ ਨੇ ਹਾਲਾਂਕਿ ਉਸ ਦੀ ਚਿੰਤਾ ਦੂਰ ਕਰਨ ਦੇ ਯਤਨ ਕੀਤੇ। ਵਿਨੇਸ਼ ਦੇ ਨਿੱਜੀ ਕੋਚ ਵੋਲੇਰ ਅਕੋਸ ਨੇ ਕਿਹਾ, ‘‘ਜੇਕਰ ਤੁਸੀਂ ਵਿਸ਼ਵ ਚੈਂਪੀਅਨ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ। ਫਿਰ ਡਰ ਕਿਸ ਚੀਜ਼ ਦਾ।’’ ਭਾਰਤ ਦੇ ਕੌਮੀ ਕੋਚ ਕੁਲਦੀਪ ਮਲਿਕ ਵੀ ਥੋੜ੍ਹਾ ਤਣਾਅ ਵਿੱਚ ਦਿਸੇ, ਪਰ ਫਿਰ ਵੀ ਉਹ ਆਸਵੰਦ ਹਨ। ਉਨ੍ਹਾਂ ਕਿਹਾ, ‘‘ਜਦੋਂ ਵੀ ਉਸ ਨੂੰ ਮੁਸ਼ਕਲ ਡਰਾਅ ਮਿਲਿਆ ਉਸ ਨੇ ਤਗ਼ਮਾ ਜਿੱਤਿਆ। ਵੇਖਦੇ ਹਾਂ ਕੀ ਹੁੰਦਾ ਹੈ।’’ ਭਾਰਤ ਦੇ ਵਿਦੇਸ਼ੀ ਕੋਚ ਐਂਡਰਿਊ ਕੁੱਕ ਦਾ ਮੰਨਣਾ ਹੈ ਕਿ ਸ਼ੁਰੂ ਵਿੱਚ ਸਖ਼ਤ ਵਿਰੋਧੀਆਂ ਦਾ ਸਾਹਮਣਾ ਕਰਨ ਨਾਲ ਵਿਨੇਸ਼ ਦੇ ਤਗ਼ਮੇ ਦੇ ਗੇੜ ਵਿੱਚ ਪਹੁੰਚਣ ਦੀ ਸੰਭਾਵਨਾ ਵਧ ਜਾਵੇਗੀ। ਓਲੰਪਿਕ ਦੇ ਹੋਰ ਭਾਰ ਵਰਗਾਂ ਵਿੱਚ ਸੀਮਾ ਬਿਸਲਾ 50 ਕਿਲੋ ਭਾਰ ਵਰਗ ਵਿੱਚ ਸਿੱਧੇ ਪ੍ਰੀ-ਕੁਆਰਟਰ ਵਿੱਚ ਉਤਰੇਗੀ। ਉਹ ਨਾਇਜੀਰੀਆ ਦੀ ਮਿਸਨੇਈ ਮਰਸੀ ਜੇਨੇਸਿਸ ਜਾਂ ਅਜ਼ਰਬੇਜਾਨ ਦੀ ਮਾਰੀਆ ਸਟੈਡਨਿਕ ਨਾਲ ਭਿੜੇਗੀ। ਲਲਿਤਾ 55 ਕਿਲੋ ਪ੍ਰੀ-ਕੁਆਰਟਰ ਵਿੱਚ ਮੰਗੋਲੀਆ ਦੀ ਬੋਲੋਰਤੁਯਾ ਨਾਲ, ਜਦਕਿ ਕੋਮਲ ਭਗਵਾਨ 72 ਕਿਲੋ ਦੇ ਕੁਆਲੀਫਿਕੇਸ਼ਨ ਗੇੜ ਵਿੱਚ ਤੁਰਕੀ ਦੀ ਬੇਸਟੇ ਅਲਤੁਗ ਨਾਲ ਭਿੜੇਗੀ।