ਵਿਨੀਪੈਗ, 2 ਫਰਵਰੀ

ਵਿਨੀਪੈਗ ਦੇ ਕਿਲਡੋਨਾਨ ਈਸਟ ਕਾਲਜੀਏਟ ਨੇੜੇ ਸਥਿਤ ਇੱਕ ਉਸਾਰੀ ਅਧੀਨ ਇਮਾਰਤ ਵਿਚ ਅੱਗ ਲੱਗ ਗਈ। ਵਿਨੀਪੈਗ ਫਾਇਰ ਪੈਰਾਮੈਡਿਕ ਸੇਵਾ ਦੇ ਸਹਾਇਕ ਮੁਖੀ ਸਕੌਟ ਵਿਲਕਿਨਸਨ ਨੇ ਦੱਸਿਆ ਕਿ ਲੰਡਨ ਸਟਰੀਟ ਅਤੇ ਕਿੰਬਰਲੀ ਐਵੇਨਿਊ ਚੌਕ ਨੇੜੇ ਇਕ ਉਸਾਰੀ ਅਧੀਨ ਇਮਾਰਤ ਨੂੰ ਲੱਗੀ ਇਹ ਅੱਗ ਬਹੁਤ ਭਿਆਨਕ ਸੀ। ਅੱਗ ਬੁਝਾਊ ਅਮਲੇ ਨੂੰ ਬਾਅਦ ਦੁਪਹਿਰ 3.30 ਵਜੇ ਉਸਾਰੀ ਵਾਲੀ ਥਾਂ ’ਤੇ ਸੱਦਿਆ ਗਿਆ ਸੀ। ਇੱਕ ਪ੍ਰੈੱਸ ਬਿਆਨ ਅਨੁਸਾਰ ਅੱਗ, ਨਾਲ ਲੱਗਦੇ ਅਪਾਰਟਮੈਂਟ ਦੀ ਇਮਾਰਤ ਵਿੱਚ ਵੀ ਫੈਲ ਰਹੀ ਸੀ ਅਤੇ ਮਦਦ ਲਈ ਹੋਰ ਯੂਨਿਟਾਂ ਨੂੰ ਸੱਦਿਆ ਗਿਆ। ਅੱਗ ਵਾਲੀ ਥਾਂ ਦੇ ਨਾਲ ਲੱਗਦੀਆਂ ਦੋ ਇਮਾਰਤਾਂ ਵਿਚ ਰਹਿਣ ਵਾਲੇ ਲੋਕ ਸੁਰੱਖਿਅਤ ਬਾਹਰ ਨਿਕਲ ਆਏ। ਅੱਗ ’ਤੇ ਕਾਬੂ ਪਾਉਣ ਲਈ ਘੱਟੋ-ਘੱਟ 10 ਐਮਰਜੈਂਸੀ ਯੂਨਿਟਾਂ ਅੱਗ ਨਾਲ ਜੂਝ ਰਹੀਆਂ ਸਨ, ਪਰ ਸ਼ਾਮ ਤੱਕ ਇਮਾਰਤ ਮਲਬੇ ਦੇ ਢੇਰ ਵਿਚ ਤਬਦੀਲ ਹੋ ਗਈ। ਉਨ੍ਹਾਂ ਕਿਹਾ, ‘‘ਸ਼ੁਰੂ ਵਿਚ ਨਿਰਮਾਣ ਵਾਲੀ ਥਾਂ ’ਤੇ ਅੱਗ ਲੱਗੀ ਸੀ ਜੋ ਕਿ ਵਧਦੀ ਚਲੀ ਗਈ ਅਤੇ ਉਸਾਰੀ ਅਧੀਨ ਇਮਾਰਤ ਦੀ ਅੱਗ, ਨਾਲ ਲੱਗਦੀਆਂ ਹੋਰ ਇਮਾਰਤਾਂ ਤੱਕ ਫੈਲ ਗਈ। ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਦੋ ਇਮਾਰਤਾਂ ਨੂੰ ਅੱਗ, ਪਾਣੀ ਤੇ ਧੂੰਏਂ ਨਾਲ ਭਾਰੀ ਨੁਕਸਾਨ ਹੋਇਆ ਹੈ। ਫ਼ਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਗੁਆਂਢ ਵਿਚ ਰਹਿੰਦੇ ਜੈੱਫ ਡਗਲਸ ਨੇ ਨਿਰਮਾਣ ਅਧੀਨ ਤਿੰਨ ਮੰਜ਼ਿਲਾ ਐਲ-ਆਕਾਰ ਅਪਾਰਟਮੈਂਟ ਦੀ ਇਮਾਰਤ ਵਿਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ। ਗਵਾਹ ਕੈਮ ਬੋਏਚੁਕ ਨੇ ਦੱਸਿਆ, ‘‘ਮੈਂ ਆਪਣੇ ਦੋਸਤ ਨਾਲ ਆ ਰਿਹਾ ਸੀ ਅਤੇ ਅਸੀਂ ਇਸ ਇਮਾਰਤ ਨੂੰ ਸੜਦੇ ਹੋਏ ਦੇਖਿਆ।’’

ਰਿਵਰ ਈਸਟ ਟਰਾਂਸਕੋਨਾ ਸਕੂਲ ਡਿਵੀਜ਼ਨ ਦੀ ਸੀਨੀਅਰ ਕਮਿਊਨੀਕੇਸ਼ਨ ਕੋਆਰਡੀਨੇਟਰ ਅਮਾਂਡਾ ਗੌਡੇਸ ਨੇ ਕਿਹਾ ਕਿ ਕਿਲਡੋਨਾਨ ਈਸਟ ਕਾਲਜੀਏਟ ਨੂੰ ਖਾਲੀ ਕਰਨ ਦੀ ਸਲਾਹ ਨਹੀਂ ਦਿੱਤੀ ਗਈ ਸੀ ਪਰ ਜਦੋਂ ਸਕੂਲ ਨੂੰ ਅੱਗ ਲੱਗਣ ਬਾਰੇ ਪਤਾ ਲੱਗਿਆ ਤਾਂ ਵਿਦਿਆਰਥੀ ਇਮਾਰਤ ਤੋਂ ਬਾਹਰ ਚਲੇ ਗਏ।