ਵਿਨੀਪੈਗ, 23 ਜਨਵਰੀ
ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਇੱਕ ਸੈਮੀ-ਟਰੱਕ ਚੋਰੀ ਕਰਨ ਦੇ ਦੋਸ਼ ਹੇਠ ਬਰੈਂਪਟਨ ਵਾਸੀ 30 ਸਾਲਾ ਗੁਰਪ੍ਰੀਤ ਸਿੰਘ ਅਟਵਾਲ ਤੇ 30 ਸਾਲਾ ਕਰਨਵੀਰ ਸਿੰਘ ਕੰਗ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਅਨੁਸਾਰ ਪਿਛਲੇ ਦਿਨੀਂ ਜਦੋਂ ਟਰੱਕ ਡਰਾਈਵਰ ਆਪਣਾ ਟਰੱਕ ਚਲਦਾ ਛੱਡ ਕੇ ਟਿਮ ਹੋਰਟਨ ’ਤੇ ਕੌਫ਼ੀ ਲੈਣ ਲਈ ਅੰਦਰ ਗਿਆ ਤਾਂ ਵਾਪਸ ਆਉਣ ਤੱਕ ਉਸ ਦਾ ਟਰੱਕ ਉੱਥੇ ਨਹੀਂ ਸੀ, ਜਿਸ ਦੀ ਰਿਪੋਰਟ ਤੁਰੰਤ ਪੁਲੀਸ ਨੂੰ ਦਿੱਤੀ ਗਈ। ਇਹ ਚੋਰੀ ਬਰੁੱਕਸਾਈਡ ਬੁਲੇਵਰਡ ’ਤੇ ਇੰਕਸਟਰ ਬੁਲੇਵਰਡ ਦੇ ਚੌਰਾਹੇ ਨੇੜੇ ਹੋਈ। ਪੁਲੀਸ ਨੇ ਟਰੱਕ ਦਾ ਜਲਦੀ ਹੀ ਪਤਾ ਲਾ ਲਿਆ ਸੀ। ਪਰ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਪੁਲੀਸ ਨੇ ਦੂਰ ਤੋਂ ਹੀ ਟਰੱਕ ਦਾ ਪਿੱਛਾ ਕੀਤਾ। ਚੋਰਾਂ ਵੱਲੋਂ ਟਰੱਕ ਨੂੰ ਤੇਜ਼ ਰਫ਼ਤਾਰ ਚਲਾਉਣ ਕਾਰਨ ਬਹੁਤ ਸਾਰੀਆਂ ਕਾਰਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਆਖ਼ਰ ਕਾਰ ਸਾਲਟਰ ਸਟਰੀਟ ’ਤੇ ਸਲਕ੍ਰੀਕ ਐਵੇਨਿਊ ਦੇ ਚੌਰਾਹੇ ਵਿੱਚ ਸਾਹਮਣੇ ਤੋਂ ਆ ਰਹੇ ਵਾਹਨਾਂ ਵਿੱਚ ਟਕਰਾਉਣ ਤੋਂ ਬਾਅਦ ਆਪਣਾ ਸੰਤੁਲਨ ਗਵਾਉਂਦਿਆਂ ਇਕ ਸਟੀਲ ਦੀ ਗਰਿਲ ’ਚ ਵੱਜ ਕੇ ਰੁਕ ਗਿਆ। ਚੋਰਾਂ ਨੇ ਟਰੱਕ ਵਿਚੋਂ ਉੱਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲੀਸ ਅਨੁਸਾਰ ਗੁਰਪ੍ਰੀਤ ਸਿੰਘ ਅਟਵਾਲ ’ਤੇ ਤੋੜ-ਭੰਨ, ਬੇਨਿਯਮੀ ਡਰਾਈਵਰੀ ਅਤੇ ਚੋਰੀ ਕਰਨ ਦੇ ਦੋਸ਼ਾਂ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਕਰਨਵੀਰ ਸਿੰਘ ਕੰਗ ਨੂੰ ਟਰੱਕ ਚੋਰੀ ਦੇ ਦੋਸ਼ ਹੇਠ ਕਾਬੂ ਕੀਤਾ ਗਿਆ।