ਨੂਰਪੁਰ ਬੇਦੀ, 2 ਜੁਲਾਈ
ਜਿੱਥੇ ਮਾਈਨਿੰਗ ਮਾਫੀਏ ਅਤੇ ‘ਆਪ’ ਦੇ ਹਲਕਾ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਿਚਕਾਰ ਹੋਏ ਟਕਰਾਅ ਦਾ ਮਾਮਲਾ ਹਾਲੇ ਮੁੱਕਿਆ ਨਹੀਂ ਉਥੇ ਹਾਲ ਵਿੱਚ ‘ਆਪ’ ਵਿਧਾਇਕ ਸੰਦੋਆ ਵੱਲੋਂ ਦਸਤਾਰ ਵਿਰੁੱਧ ਦਿੱਤੇ ਵਿਵਾਦਤ ਬਿਆਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਵਿੱਚ ਸਖਤ ਰੋਸ ਦੇਖਣ ਨੂੰ ਮਿਲਿਆ।
ਅੱਜ ਇਥੋਂ ਨਜ਼ਦੀਕੀ ਪਿੰਡ ਕਲਵਾਂ ਵਿੱਚ ਸ਼੍ਰੋਮਣੀ ਅਕਾਲੀ (ਬਾਦਲ) ਦੀ ਇੱਕ ਮੀਟਿੰਗ ਮੰਗਲ ਸਿੰਘ ਗਿੱਲ ਅਤੇ ਜੋਗਿੰਦਰ ਸਿੰਘ ਸਿਆਣ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮ ਸਿੰਘ ਕਲਵਾਂ, ਨੰਬਰਦਾਰ ਭਾਗ ਸਿੰਘ ਭੱਠਲ, ਇਸਤਰੀ ਵਿੰਗ ਦੀ ਹਲਕਾ ਰੂਪਨਗਰ ਦੀ ਪ੍ਰਧਾਨ ਬੀਬੀ ਬਲਜਿੰਦਰ ਕੌਰ, ਖੁਸ਼ਹਾਲ ਸਿੰਘ ਬੈਂਸ ਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਹਲਕੇ ਦੇ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਦਿੱਤੇ ਦਸਤਾਰ ਨਾਲ ਸਬੰਧਤ ਬਿਆਨ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਅਕਾਲੀ ਨੇਤਾਂ ਮੰਗਲ ਸਿੰਘ ਗਿੱਲ ਨੇ ਕਿਹਾ ਕਿ ਵਿਧਾਇਕ ਖੁਦ ਆਪ ਇੱਕ ਗੁਰਸਿੱਖ ਹੈ ਜਿਸ ਨੂੰ ਪੱਗ ਦੀ ਅਹਿਮਆਤ ਬਾਰੇ ਪਤਾ ਹੋਣਾ ਚਾਹੀਦਾ ਹੈ।