ਟੋਹਾਣਾ, 7 ਜੂਨ

ਸੰਯੁਕਤ ਕਿਸਾਨ ਮੋਰਚੇ ਨੇ ਗ੍ਰਿਫਤਾਰ ਕੀਤੇ ਦੋ ਕਿਸਾਨਾਂ ਨੂੰ ਅੱਜ ਰਿਹਾਅ ਕਰਨ ਤੋਂ ਬਾਅਦ ਪੁਲੀਸ ਥਾਣਿਆਂ ਬਾਹਰ ਪ੍ਰਦਰਸ਼ਨ ਕਰਨ ਦੀ ਯੋਜਨਾ ਨੂੰ ਰੱਦ ਕਰ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਹਾਲੇ ਇਕ ਕਿਸਾਨ ਆਗੂ ਨੂੰ ਰਿਹਾਅ ਨਹੀਂ ਕੀਤਾ ਗਿਆ ਜਿਸ ਕਾਰਨ ਉਹ ਟੋਹਾਣਾ ਵਿਚ ਆਪਣਾ ਧਰਨਾ ਜਾਰੀ ਰੱਖਣਗੇ। ਇਸ ਤੋਂ ਪਹਿਲਾਂ ਕਿਸਾਨਾਂ ਨੇ ਵਿਧਾਇਕ ਦਵਿੰਦਰ ਬਬਲੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਕਾਰਨ ਪੁਲੀਸ ਨੇ ਕਿਸਾਨਾਂ ਵਿਕਾਸ ਤੇ ਰਵੀ ਆਜ਼ਾਦ ਖਿਲਾਫ ਕੇਸ ਦਰਜ ਕਰ ਲਿਆ ਸੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਘਾਸੀ ਰਾਮ ਨੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਵੀ ਆਜ਼ਾਦ ਤੇ ਵਿਕਾਸ ਨੂੰ ਅੱਜ ਤੜਕੇ ਰਿਹਾਅ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸੂਬੇ ਦੇ ਪੁਲੀਸ ਥਾਣਿਆਂ ਦਾ ਘਿਰਾਓ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦੋ ਹੋਰ ਕਿਸਾਨ ਵੀ ਜੇਲ੍ਹ ਵਿਚ ਹਨ ਜਿਸ ਕਾਰਨ ਉਹ ਸੰਘਰਸ਼ ਜਾਰੀ ਰੱਖਣਗੇ।