ਐਸ.ਏ.ਐਸ. ਨਗਰ (ਮੁਹਾਲੀ), 6 ਜੂਨ
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਸੈਕਟਰ-68 ਸਥਿਤ ਵਿਜੀਲੈਂਸ ਭਵਨ ਪੁੱਜੇ। ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਭੇਜੇ ਸਨ ਜਿਸ ਤੋਂ ਬਾਅਦ ਉਹ ਸਵੇਰੇ 10 ਵਜੇ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਤੇ ਕਾਰੋਬਾਰ ਸਬੰਧੀ ਵੇਰਵੇ ਲੈ ਕੇ ਵਿਜੀਲੈਂਸ ਮੁੱਖ ਦਫ਼ਤਰ ਪਹੁੰਚੇ ਜਿੱਥੇ ਵਿਜੀਲੈਂਸ ਵੱਲੋਂ ਉਨ੍ਹਾਂ ਤੋਂ ਕਰੀਬ 5 ਘੰਟੇ ਪੁੱਛ-ਪੜਤਾਲ ਕੀਤੀ ਗਈ।
ਬਲਬੀਰ ਸਿੱਧੂ ’ਤੇ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਹੋਣ ਸਮੇਂ ਮੁਹਾਲੀ, ਰੂਪਨਗਰ, ਬਰਨਾਲਾ ਅਤੇ ਬਠਿੰਡਾ ਜ਼ਿਲ੍ਹਿਆਂ ਸਣੇ ਚੰਡੀਗੜ੍ਹ ਵਿੱਚ ਆਮਦਨ ਤੋਂ ਵੱਧ ਬਹੁ-ਕਰੋੜੀ ਜਾਇਦਾਦਾਂ ਬਣਾਉਣ ਦਾ ਦੋਸ਼ ਹੈ। ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਸਿੱਧੂ ਭਰਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਸੂਬਾ ਸਰਕਾਰ ਨੇ ਸਿੱਧੂ ਭਰਾਵਾਂ ਖ਼ਿਲਾਫ਼ ਨਵੰਬਰ 2022 ਵਿੱਚ ਹੀ ਉੱਚ ਪੱਧਰੀ ਜਾਂਚ ਨੂੰ ਹਰੀ ਝੰਡੀ ਦੇ ਦਿੱਤੀ ਸੀ। ਵਿਜੀਲੈਂਸ ਅਨੁਸਾਰ ਸਿੱਧੂ ਭਰਾਵਾਂ ਨੇ ਕਥਿਤ ਤੌਰ ’ਤੇ ਸਿਆਸੀ ਰਸੂਖ਼ ਦੀ ਦੁਰਵਰਤੋਂ ਕਰ ਕੇ ਮੁਹਾਲੀ ਸਮੇਤ ਦੂਜੇ ਜ਼ਿਲ੍ਹਿਆਂ ਵਿੱਚ ਜਾਇਦਾਦਾਂ ਬਣਾਈਆਂ ਹਨ। ਵਿਜੀਲੈਂਸ ਟੀਮ ਨੇ ਉਕਤ ਸਾਰੇ ਤੱਥਾਂ ਬਾਰੇ ਸਿੱਧੂ ਤੋਂ ਪੁੱਛਗਿੱਛ ਕੀਤੀ।
ਜ਼ਿਕਰਯੋਗ ਹੈ ਕਿ ਬੀਤੀ 21 ਅਪਰੈਲ ਨੂੰ ਵੀ ਵਿਜੀਲੈਂਸ ਨੇ ਬਲਬੀਰ ਸਿੱਧੂ ਤੋਂ ਪੁੱਛਗਿੱਛ ਕੀਤੀ ਸੀ ਅਤੇ ਸਾਬਕਾ ਮੰਤਰੀ ਕੋਲੋਂ ਉਸ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਸਬੰਧੀ ਲਿਖਤੀ ਰੂਪ ਵਿੱਚ ਵੇਰਵਾ ਮੰਗਿਆ ਸੀ। ਹਾਲਾਂਕਿ ਵਿਜੀਲੈਂਸ ਨੇ ਬੀਤੀ 2 ਜੂਨ ਨੂੰ ਉਨ੍ਹਾਂ ਨੂੰ ਮੁੜ ਜਾਂਚ ਵਿੱਚ ਹੋਣ ਲਈ ਸੱਦਿਆ ਸੀ, ਪਰ ਉਸ ਦਿਨ ਮੁਹਾਲੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਪ੍ਰੋਗਰਾਮ ਹੋਣ ਕਾਰਨ ਉਹ ਜਾਂਚ ’ਚ ਸ਼ਾਮਲ ਨਹੀਂ ਹੋਏ ਸਨ।