ਦੇਵੀਗੜ੍ਹ, 16 ਜੂਨ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਆਖ਼ਰ ਪਟਿਆਲਾ ਵਿੱਚ ਵਿਜੀਲੈਂਸ ਕੋਲ ਪੇਸ਼ ਹੋਏ। ਉਹ ਵਿਜੀਲੈਂਸ ਦਫ਼ਤਰ ਅੱਜ ਸਵੇਰੇ ਗਿਆਰਾਂ ਵਜੇ ਪੁੱਜੇ ਤੇ ਦੇਰ ਸ਼ਾਮ ਤੱਕ ਪੁੱਛ-ਪੜਤਾਲ ਜਾਰੀ ਸੀ। ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚਾਹਲ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਹੋ ਚੁੱਕੀ ਹੈ ਤੇ ਇਸ ਸਬੰਧੀ ਕਾਰਵਾਈ ਵਿਜੀਲੈਂਸ ਦੀ ਜਾਂਚ ਪੜਤਾਲ ਮੁਕੰਮਲ ਹੋਣ ’ਤੇ ਹੀ ਹੋਵੇਗੀ।ਭਰਤਇੰਦਰ ਸਿੰਘ ਚਾਹਲ ਜਦੋਂ ਵਿਜੀਲੈਂਸ ਦੀ ਲੰਬੀ ਪੁੱਛ-ਪੜਤਾਲ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਵਕੀਲ ਅਵਨੀਤ ਸਿੰਘ ਨੇ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੇ ਜੋ ਸਵਾਲ ਪੁੱਛੇ ਉਨ੍ਹਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਗੇ ਵੀ ਵਿਜੀਲੈਂਸ ਨੂੰ ਪੂਰਾ ਸਹਿਯੋਗ ਕੀਤਾ ਜਾਵੇਗਾ। ਵਕੀਲ ਨੇ ਕਿਹਾ ਕਿ ਭਰਤਇੰਦਰ ਨੂੰ 30 ਜੂਨ ਨੂੰ ਮੁੜ ਸੱਦਿਆ ਗਿਆ ਹੈ। ਵਿਜੀਲੈਂਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜੋ ਵਿਜੀਲੈਂਸ ਨੇ ਸਵਾਲ ਕੀਤੇ ਉਨ੍ਹਾਂ ਦੇ ਕੇਂਦਰ ਬਿੰਦੂ ਪਟਿਆਲਾ, ਸਰਹਿੰਦ ਤੇ ਪੰਚਕੂਲਾ ਵਿਚ ਭਰਤਇੰਦਰ ਸਿੰਘ ਚਾਹਲ ਵੱਲੋਂ ਖ਼ਰੀਦੀਆਂ ਜਾਇਦਾਦਾਂ ’ਤੇ ਆਧਾਰਤ ਸੀ। ਜ਼ਿਕਰਯੋਗ ਹੈ ਕਿ ਵਿਜੀਲੈਂਸ ਦੀ ਤਕਨੀਕੀ ਟੀਮ ਨੇ ਚਾਹਲ ਦੀ ਗ਼ੈਰਮੌਜੂਦਗੀ ਵਿਚ ਹੀ ਤੇ ਐਸਪੀ ਸਤਪਾਲ ਸ਼ਰਮਾ ਦੀ ਅਗਵਾਈ ਹੇਠ ਇੱਥੇ ਜੇਲ੍ਹ ਰੋਡ ਸਥਿਤ ਉਨ੍ਹਾਂ ਦੇ ਬਹੁ-ਕਰੋੜੀ ਮਲਟੀਪਲੈਕਸ ਸ਼ਾਪਿੰਗ ਮਾਲ ਦੀ ਪੈਮਾਇਸ਼ ਕੀਤੀ ਸੀ। ਇਸੇ ਤਰ੍ਹਾਂ ਸਰਹਿੰਦ ਰੋਡ ’ਤੇ ਸਥਿਤ ਉਨ੍ਹਾਂ ਦੇ ਅਲਕਾਜ਼ਰ ਮੈਰਿਜ ਪੈਲੇਸ ਸਣੇ ਨਾਭਾ ਰੋਡ ’ਤੇ ਟੌਲ ਪਲਾਜ਼ਾ ਕੋਲ ਨੌਂ ਏਕੜ ਅਤੇ ਸਰਹਿੰਦ-ਮੰਡੀ ਗੋਬਿੰਦਗੜ੍ਹ ਰੋਡ ’ਤੇ ਸਥਿਤ ਚਾਰ ਏਕੜ ਜ਼ਮੀਨ ਦੀ ਵੀ ਪੈਮਾਇਸ਼ ਕੀਤੀ ਸੀ। ਦੱਸਣਾ ਬਣਦਾ ਹੈ ਕਿ ਭਰਤਇੰਦਰ ਚਾਹਲ ਦੀ ਇੱਕ ਕੋਠੀ ਬਾਰੇ ਵੀ ਪੜਤਾਲ ਕੀਤੀ ਜਾ ਚੁੱਕੀ ਹੈ। ਹੁਣ ਚਾਹਲ ਦੇ ਪੇਸ਼ ਹੋਣ ਤੋਂ ਬਾਅਦ ਵਿਜੀਲੈਂਸ ਨੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।