ਹੈਦਰਾਬਾਦ, ਡੇਵਿਡ ਵਾਰਨਰ ਅਤੇ ਜੌਹਨੀ ਬੇਅਰਸਟੋ ਦੇ ਤੂਫ਼ਾਨੀ ਸੈਂਕੜਿਆਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਰੌਇਲਜ਼ ਚੈਲੰਜਰਜ਼ ਬੰਗਲੌਰ ਨੂੰ ਆਈਪੀਐਲ ਮੈਚ ਵਿੱਚ ਅੱਜ ਇੱਥੇ 118 ਦੌੜਾਂ ਦੇ ਵੱਡੇ ਫ਼ਰਕ ਨਾਲ ਤਕੜੀ ਸ਼ਿਕਸਤ ਦਿੱਤੀ। ਜਿੱਤ ਲਈ ਸਨਰਾਈਜ਼ਰਜ਼ ਦੇ 232 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲੌਰ ਦੀ ਟੀਮ 19.5 ਓਵਰਾਂ ਵਿੱਚ 113 ਦੌੜਾਂ ’ਤੇ ਢੇਰ ਹੋ ਗਈ। ਆਈਪੀਐਲ ਦੇ ਇਤਿਹਾਸ ਵਿੱਚ ਇਹ ਪਹਿਲੀ ਜੋੜੀ (ਵਾਰਨਰ ਤੇ ਬੇਅਰਸਟੋ) ਬਣ ਗਈ ਹੈ, ਜਿਸ ਨੇ ਲਗਾਤਾਰ ਤਿੰਨ ਸੈਂਕੜੇ ਵਾਲੀਆਂ ਸਾਂਝੇਦਾਰੀਆਂ ਕੀਤੀਆਂ ਹਨ। ਹੈਦਰਾਬਾਦ ਲਈ ਮੁਹੰਮਦ ਨਬੀ ਨੇ ਚਾਰ ਅਤੇ ਸੰਦੀਪ ਨੇ ਤਿੰਨ ਵਿਕਟਾਂ ਝਟਕਾਈਆਂ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਸਨਰਾਈਜ਼ਰਜ਼ ਨੇ ਦੋ ਵਿਕਟਾਂ ਗੁਆ ਕੇ 231 ਦੌੜਾਂ ਬਣਾਈਆਂ ਸਨ। ਡੇਵਿਡ ਵਾਰਨਰ ਨੇ ਅੱਜ ਫਿਰ ਤੂਫ਼ਾਨੀ ਖੇਡਦਿਆਂ 55 ਗੇਂਦਾਂ ਵਿੱਚ 100 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਦੇ ਬੱਲੇਬਾਜ਼ ਬੇਅਰਸਟੋ ਨੇ ਵੀ ਉਸ ਦਾ ਚੰਗਾ ਸਾਥ ਦਿੱਤਾ। ਉਸ ਨੇ 56 ਗੇਂਦਾਂ ’ਤੇ 114 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ’ਤੇ ਦੋਵਾਂ ਨੇ ਪਹਿਲੀ ਵਿਕਟ ਦੀ ਸਾਂਝੇਦਾਰੀ ਵਿੱਚ 185 ਦੌੜਾਂ ਬਣਾਈਆਂ। ਬੇਅਰਸਟੋ ਨੇ ਆਪਣੀ ਪਾਰੀ ਦੌਰਾਨ 12 ਚੌਕੇ ਅਤੇ ਸੱਤ ਛੱਕੇ ਮਾਰੇ, ਜਦਕਿ ਵਾਰਨਰ ਨੇ ਪੰਜ ਚੌਕੇ ਅਤੇ ਪੰਜ ਛੱਕੇ ਜੜੇ। ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਦਾ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਗ਼ਲਤ ਸਾਬਤ ਹੋਇਆ। ਵਾਰਨਰ ਅਤੇ ਬੇਅਰਸਟੋ ਨੇ ਉਨ੍ਹਾਂ ਦੇ ਕਿਸੇ ਵੀ ਗੇਂਦਬਾਜ਼ ਨੂੰ ਨਹੀਂ ਬਖ਼ਸ਼ਿਆ। ਇਹ ਆਈਪੀਐਲ ਦੇ ਇਤਿਹਾਸ ਵਿੱਚ ਪਹਿਲੀ ਜੋੜੀ ਹੋ ਗਈ ਹੈ, ਜਿਸ ਨੇ ਲਗਾਤਾਰ ਤਿੰਨ ਸੈਂਕੜੇ ਵਾਲੀਆਂ ਸਾਂਝੇਦਾਰੀਆਂ ਕੀਤੀਆਂ ਹਨ। ਉਨ੍ਹਾਂ ਨੇ ਕੇਕੇਆਰ ਦੇ ਗੌਤਮ ਗੰਭੀਰ ਅਤੇ ਕ੍ਰਿਸ ਲਿਨ ਦਾ 2017 ਵਿੱਚ ਗੁਜਰਾਤ ਲਾਇਨਜ਼ ਖ਼ਿਲਾਫ਼ ਬਣਾਇਆ 184 ਦੌੜਾਂ ਦੀ ਸਾਂਝੇਦਾਰੀ ਦਾ ਰਿਕਾਰਡ ਤੋੜਿਆ। ਇਹ ਆਈਪੀਐਲ ਵਿੱਚ ਦੂਜੀ ਵਾਰ ਹੋਇਆ ਹੈ, ਜਦੋਂ ਇੱਕ ਹੀ ਟੀਮ ਦੇ ਦੋ ਬੱਲੇਬਾਜ਼ਾਂ ਨੇ ਸੈਂਕੜਾ ਮਾਰਿਆ ਹੈ। ਬੇਅਰਸਟੋ ਨੂੰ 17ਵੇਂ ਓਵਰ ਵਿੱਚ ਯੁਜ਼ਵੇਂਦਰ ਚਾਹਲ ਨੇ ਆਊਟ ਕੀਤਾ। ਉਹ ਇਸ ਗੇਂਦ ’ਤੇ ਵੱਡਾ ਸ਼ਾਟ ਖੇਡਣ ਦੇ ਯਤਨ ਕਰ ਰਿਹਾ ਸੀ, ਪਰ ਉਮੇਸ਼ ਯਾਦਵ ਨੇ ਕੈਚ ਲੈ ਕੇ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ। ਬੇਅਰਸਟੋ ਨੇ ਰੇ ਬਰਮਨ ਦੇ ਨੌਵੇਂ ਓਵਰ ਵਿੱਚ 17 ਅਤੇ ਕੋਲਿਨ ਡੇ ਗਰਾਂਡਹੋਮ ਦੇ ਦਸਵੇਂ ਓਵਰ ਵਿੱਚ 14 ਦੌੜਾਂ ਬਣਾਈਆਂ।
ਆਰਸੀਬੀ ਦੀ ਇਹ ਲਗਾਤਾਰ ਤੀਜੀ ਹਾਰ ਹੈ, ਜਦਕਿ ਸਨਰਾਈਜ਼ਰਜ਼ ਦੀਆਂ ਤਿੰਨ ਮੈਚਾਂ ਵਿੱਚ ਦੂਜੀ ਜਿੱਤ ਹੈ। ਇਸ ਸੈਸ਼ਨ ਵਿੱਚ ਪਹਿਲਾ ਆਈਪੀਐਲ ਮੈਚ ਖੇਡ ਰਹੇ ਅਫ਼ਗਾਨ ਹਰਫਨਮੌਲਾ ਮੁਹੰਮਦ ਨਬੀ ਨੇ ਚਾਰ ਵਿਕਟਾਂ ਲਈਆਂ, ਜਿਸ ਵਿੱਚ ਦੋ ਵਿਕਟਾਂ ਦੂਜੇ ਓਵਰ ਵਿੱਚ ਕੱਢੀਆਂ। ਚੌਥੇ ਓਵਰ ਦੇ ਅਖ਼ੀਰ ਵਿੱਚ ਆਰਸੀਬੀ ਦਾ ਸਕੋਰ ਤਿੰਨ ਵਿਕਟਾਂ ’ਤੇ 22 ਦੌੜਾਂ ਸੀ। ਨਬੀ ਨੇ ਪਾਰਥਿਵ ਪਟੇਲ ਨੂੰ ਆਊਟ ਕਰਨ ਮਗਰੋਂ ਸ਼ਿਮਰੋਨ ਹੈਟਮਾਇਰ ਅਤੇ ਏਬੀ ਡਿਵਿਲੀਅਰਜ਼ ਨੂੰ ਬਾਹਰ ਦਾ ਰਸਤਾ ਵਿਖਾਇਆ। ਇਸ ਮਗਰੋਂ ਸੰਦੀਪ ਸ਼ਰਮਾ ਨੇ ਕਪਤਾਨ ਵਿਰਾਟ ਕੋਹਲੀ ਨੂੰ ਸੱਤਵੇਂ ਓਵਰ ਵਿੱਚ ਆਊਟ ਕਰਕੇ ਆਰਸੀਬੀ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ। ਅਗਲੀ ਗੇਂਦ ’ਤੇ ਸ਼ਿਵਮ ਦੂਬੇ ਰਨ ਆਊਟ ਹੋ ਗਿਆ। ਇਸ ਸਮੇਂ ਸਕੋਰ 7.3 ਓਵਰਾਂ ਵਿੱਚ ਛੇ ਵਿਕਟਾਂ ’ਤੇ 35 ਦੌੜਾਂ ਸੀ। ਇਸ ਮਗਰੋਂ ਕੋਲਿਨ ਡਿ ਗਰਾਂਡਹੋਮ (37 ਦੌੜਾਂ) ਅਤੇ ਰੇ ਬਰਮਨ (19 ਦੌੜਾਂ) ਨੇ ਹੈਦਰਾਬਾਦ ਦੀ ਜਿੱਤ ਦੀ ਉਡੀਕ ਦੀ ਲੰਬੀ ਕਰਵਾਈ।