ਸ੍ਰੀਨਗਰ:ਬੌਲੀਵੁੱਡ ਅਦਾਕਾਰ ਆਮਿਰ ਖਾਨ ਨੇ ਆਖਿਆ ਉਪ ਰਾਜਪਾਲ ਮਨੋਜ ਸਿਨਹਾ ਵੱਲੋਂ ਜਾਰੀ ਕੀਤੀ ਗਈ ਜੰਮੂ ਕਸ਼ਮੀਰ ਦੀ ਫ਼ਿਲਮ ਪਾਲਿਸੀ-2021, ਵਾਦੀ ਵਿੱਚ ਫ਼ਿਲਮਾਂ ਦੀ ਸ਼ੂਟਿੰਗ ਨੂੰ ਉਤਸ਼ਾਹਿਤ ਕਰੇਗੀ। ਉਪ ਰਾਜਪਾਲ ਨੇ ਬੀਤੇ ਦਿਨ ਫਿਲਮਸਾਜ਼ ਰਾਜਕੁਮਾਰ ਹਿਰਾਨੀ ਤੇ ਸਿਨੇ ਜਗਤ ਦੇ ਸਿਤਾਰਿਆਂ ਦੀ ਮੌਜੂਦ ਵਿੱਚ ਨਵੀਂ ਨੀਤੀ ਲਾਂਚ ਕੀਤੀ ਸੀ। ਇਸ ਦਾ ਮੁੱਖ ਮਕਸਦ ਜੰਮੂ ਕਸ਼ਮੀਰ ਨੂੰ ਫਿਲਮਸਾਜ਼ਾਂ ਲਈ ਸ਼ੂਟਿੰਗ ਦੀ ਪਹਿਲੀ ਪਸੰਦ ਵਜੋਂ ਸਥਾਪਿਤ ਕਰਨਾ ਹੈ। ਆਮਿਰ ਨੇ ਆਖਿਆ,‘‘ਮੈਂ ਮਨੋਜ ਸਿਨਹਾ ਨੂੰ ਵਧਾਈ ਦੇਣਾ ਚਾਹੁੰਦਾ ਹੈ ਅਤੇ ਮੈਂ ਫ਼ਿਲਮ ਨੀਤੀ ਬਣਾਉਣ ਲਈ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ। ਇਹ ਸਿਨੇ ਜਗਤ ਲਈ ਖੁਸ਼ੀ ਦਾ ਪਲ ਹੈ। ਸਾਨੂੰ ਇਥੇ ਬਹੁਤ ਸਾਰੀਆਂ ਸਹੂਲਤਾਂ ਮਿਲਣਗੀਆਂ ਜਿਸ ਨਾਲ ਸ਼ੂਟਿੰਗ ਕਰਨਾ ਆਸਾਨ ਹੋਵੇਗਾ। ਮੈਂ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।’’ ਇਥੇ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਕਰ ਰਹੇ ਆਮਿਰ ਖਾਨ ਨੇ ਆਖਿਆ ਕਿ ਪ੍ਰਸ਼ਾਸਨ, ਪੁਲੀਸ ਤੇ ਸਮੂਹ ਏਜੰਸੀਆਂ ਵੱਲੋਂ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਉਸ ਨੇ ਆਖਿਆ,‘‘ਸਾਡੀ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਉਹ ਇਸ ਨੀਤੀ ਦੇ ਘੇਰੇ ਵਿੱਚ ਨਹੀਂ ਆਉਂਦੀ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪ੍ਰਸ਼ਾਸਨ, ਪੁਲੀਸ ਤੇ ਹੋਰ ਏਜੰਸੀਆਂ ਨੇ ਸਾਡੀ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਸਾਡੀ ਬਹੁਤ ਮਦਦ ਕੀਤੀ ਅਤੇ ਮੈਂ ਸੱਚਮੁਚ ਉਨ੍ਹਾਂ ਦਾ ਧੰਨਵਾਦੀ ਹਾਂ।’’