ਬੰਗਲੂਰੂ: ਅਦਾਕਾਰਾ ਦੀਆ ਮਿਰਜ਼ਾ ਨੇ ਆਖਿਆ ਹੈ ਕਿ ਉਹ ਪਾਰਟ-ਟਾਈਮ ਅਦਾਕਾਰਾ ਬਣਨਾ ਪਸੰਦ ਕਰੇਗੀ, ਤਾਂ ਜੋ ਉਹ ਆਪਣਾ ਵਧੇਰੇ ਧਿਆਨ ਵਾਤਾਵਰਨ ਦੀ ਸੰਭਾਲ ਅਤੇ ਬਚਾਅ ’ਤੇ ਕੇਂਦਰਿਤ ਕਰ ਸਕੇ। ਜਾਣਕਾਰੀ ਅਨੁਸਾਰ ਦੀਆ ਮਿਰਜ਼ਾ ਨੂੰ ਯੂਨਾਈਟਿਡ ਨੇਸ਼ਨਜ਼ ਐਨਵਾਇਰਨਮੈਂਟ ਪ੍ਰੋਗਰਾਮ (ਯੂਐੱਨਈਪੀ) ਦੀ ‘ਸਦਭਾਵਨਾ ਅੰਬੈਸਡਰ’ ਵੀ ਨਿਯੁਕਤ ਕੀਤਾ ਹੋਇਆ ਹੈ। ਅਦਾਕਾਰਾ ਨੇ ਕਿਹਾ ਕਿ ਉਹ ਹਾਲ ਹੀ ਵਿੱਚ ਭਾਰਤ ਵਿੱਚ ਯੂਐੱਨਈਪੀ ਦੇ ਮੁਖੀ ਨੂੰ ਇਸ ਬਾਰੇ ਦੱਸ ਚੁੱਕੀ ਹੈ। ਉਸ ਨੇ ਅੱਜ ਬੰਗਲੂਰੂ ਵਿੱਚ ਕਰਵਾਏ ਜਾ ਰਹੇ ਤਿੰਨ ਰੋਜ਼ਾ ‘ਨੇਚਰ ਅਤੇ ਵਰਲਡ ਲਾਈਫ ਫੈਸਟੀਵਲ ‘ਨੇਚਰ ਇਨ ਫੋਕਸ 2023’ ਦੇ ਆਖ਼ਰੀ ਦਿਨ ਵਾਤਾਵਾਰਨ ਬਾਰੇ ਤਕਰੀਰਾਂ ਦਿੱਤੀਆਂ। ਜਾਣਕਾਰੀ ਅਨੁਸਾਰ ਦੀਆ ਮਿਰਜ਼ਾ, ‘ਰਹਿਨਾ ਹੈ ਤੇਰੇ ਦਿਲ ਮੇਂ’, ਪਰਿਣੀਤਾ’ ਵਰਗੀਆਂ ਫ਼ਿਲਮਾਂ ਨਾਲ ਆਪਣੀ ਪਛਾਣ ਬਣਾ ਚੁੱਕੀ ਹੈ। ਫੈਸਟੀਵਲ ਵਿੱਚ, ਉਸ ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਵਿਅਕਤੀਗਤ ਚੋਣਾਂ ਲੰਬੇ ਸਮੇਂ ਵਿੱਚ ਵਾਤਾਵਰਨ ’ਤੇ ਪ੍ਰਭਾਵ ਪਾਉਂਦੀਆਂ ਹਨ। ਅਦਾਕਾਰਾ ਨੇ ਕਿਹਾ ਕਿ ਉਹ ਤਾਪਸੀ ਪੰਨੂ ਵੱਲੋਂ ਨਿਰਮਿਤ ‘ਧਕ ਧਕ’, ਅਤੇ ਇੱਕ ਪ੍ਰਾਈਮ ਵੀਡੀਓ ਪ੍ਰਾਜੈਕਟ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਹੈ। ਉਸ ਨੇ ਕਿਹਾ ਕਿ ਉਸ ਦੀ ਸਾਲ ਦੇ ਅੰਤ ਵਿੱਚ ‘ਧਕ ਧਕ’ ਫ਼ਿਲਮ ਆ ਰਹੀ ਹੈ। ਫ਼ਿਲਮ ਵਿੱਚ ਚਾਰ ਅਦਭੁਤ ਔਰਤਾਂ ਹਨ ਜੋ ਮੋਟਰਸਾਈਕਲ ’ਤੇ ਦਿੱਲੀ ਤੋਂ ਖਾਰਦੁੰਗ ਲਾ ਤੱਕ ਦਾ ਸਫ਼ਰ ਤੈਅ ਕਰਦੀਆਂ ਹਨ।’