ਮੁੰਬਈ:ਅਦਾਕਾਰ ਵਰੁਣ ਧਵਨ ਅਤੇ ਜਾਨ੍ਹਵੀ ਕਪੂਰ ਦੀ ਨਵੀਂ ਫਿਲਮ ‘ਬਵਾਲ’ ਜੁਲਾਈ ਮਹੀਨੇ ਵਿੱਚ ਡਿਜੀਟਲ ਪਲੈਟਫਾਰਮ ਪ੍ਰਾਈਮ ਵੀਡੀਓ ’ਤੇ ਰਿਲੀਜ਼ ਕੀਤੀ ਜਾਵੇਗੀ। ਇਸ ਬਾਰੇ ਨਿਰਦੇਸ਼ਕ ਨਿਤੇਸ਼ ਤਿਵਾੜੀ ਨੇ ਕਿਹਾ ਕਿ ਇਹ ਫਿਲਮ ਡਿਜੀਟਲ ਪਲੈਟਫਾਰਮ ’ਤੇ ਰਿਲੀਜ਼ ਕਰਨ ਨਾਲ ‘ਬਵਾਲ’ ਭਾਰਤ ਵਿਚਲੇ ਦਰਸ਼ਕਾਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਬੈਠੇ ਦਰਸ਼ਕਾਂ ਤੱਕ ਵੀ ਪੁੱਜ ਜਾਵੇਗੀ। ਉਸ ਨੇ ਕਿਹਾ ਕਿ ਇਹ ਫਿਲਮ ਨੂੰ ਭਾਰਤ ਵਿੱਚ ਤਿੰਨ ਵੱਖ ਵੱਖ ਥਾਵਾਂ ’ਤੇ ਫਿਲਮਾਉਣ ਸਣੇ ਪੰਜ ਯੂਰੋਪੀਅਨ ਮੁਲਕਾਂ ਵਿੱਚ ਵੀ ਇਸ ਦੀ ਸ਼ੂਟਿੰਗ ਕੀਤੀ ਗਈ ਹੈ। ਇਸ ਫਿਲਮ ਵਿੱਚ ਵਰੁਣ ਅਤੇ ਜਾਨ੍ਹਵੀ ਦੀ ਅਦਾਕਾਰੀ ਦੇ ਨਾਲ ਸ਼ਾਨਦਾਰ ਕਹਾਣੀ ਤੇ ਦਿਲਖਿਚਵੇਂ ਦ੍ਰਿਸ਼ ਵੀ ਦੇਖਣ ਨੂੰ ਮਿਲਣਗੇ। ਫਿਲਮ ਦੇ ਨਿਰਮਾਤਾ ਸਾਜਿਦ ਨਾਡੀਆਡਵਾਲਾ ਨੇ ਕਿਹਾ ਕਿ ਇਸ ਫਿਲਮ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਕਰਨ ਨਾਲ ਫਿਲਮ ਦੇ ਦਰਸ਼ਕਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਇਸ ਫਿਲਮ ਲਈ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ, ਇਸ ਲਈ ਹੁਣ ਇਸ ਫਿਲਮ ਸਬੰਧੀ ਦਰਸ਼ਕਾਂ ਦੀ ਰਾਇ ਲੈਣ ਦੀ ਕਾਹਲ ਹੈ। ਉਸ ਨੇ ਕਿਹਾ ਇਹ ਫਿਲਮ ਉਸ ਲਈ ਬੇਹੱਦ ਖ਼ਾਸ ਹੈ। ਉਸ ਨੇ ਕਿਹਾ ਕਿ ਨਿਰਦੇਸ਼ਕ ਨਿਤੇਸ਼ ਦੀ ਅਗਵਾਈ ’ਚ ਦੋਵਾਂ ਕਲਾਕਾਰਾਂ ਨੇ ਕਮਾਲ ਦਾ ਕੰਮ ਕੀਤਾ ਹੈ।