ਅਹਿਮਦਾਬਾਦ:ਲੈੱਗ ਸਪਿੰਨਰ ਵਰੁਣ ਚੱਕਰਵਰਤੀ ਫਿਟਨੈੱਸ ਟੈਸਟ ਵਿੱਚ ਅਸਫ਼ਲ ਰਹਿਣ ਕਾਰਨ ਇੰਗਲੈਂਡ ਖ਼ਿਲਾਫ਼ ਸ਼ੁੱਕਰਵਾਰ ਨੂੰ ਸ਼ੁਰੂ ਹੋ ਰਹੀ ਪੰਜ ਟੀ20 ਮੈਚਾਂ ਦੀ ਸੀਰੀਜ਼ ਵਿੱਚੋਂ ਬਾਹਰ ਹੋ ਗਿਆ ਹੈ। ਉਧਰ ਤੇਜ਼ ਗੇਂਦਬਾਜ਼ ਟੀ ਨਟਰਾਜਨ ਦੀ ਮੋਢੇ ਦੀ ਸੱਟ ਕਾਰਨ ਸੀਰੀਜ਼ ਦੇ ਸ਼ੁਰੂਆਤੀ ਮੈਚ ਖੇਡਣ ਦੀ ਘੱਟ ਹੀ ਸੰਭਾਵਨਾ ਹੈ। ਵਰੁਣ ਬੰਗਲੁਰੂ ਦੀ ਕੌਮੀ ਕ੍ਰਿਕਟ ਕੌਂਸਲ (ਐੱਨਸੀਏ) ਵਿੱਚ ਲਗਾਤਾਰ ਫਿਟਨੈੱਸ ਟੈਸਟ ਪਾਸ ਕਰਨ ਵਿੱਚ ਅਸਫ਼ਲ ਰਿਹਾ, ਜਦੋਂਕਿ ਮਾਹਿਰ ਗੇਂਦਬਾਜ਼ ਨਟਰਾਜਨ ਮੋਢੇ ਦੀ ਸੱਟ ਕਾਰਨ ਅਜੇ ਤੱਕ ਟੀਮ ਨਾਲ ਜੁੜ ਨਹੀਂ ਸਕਿਆ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਵਰੁਣ ਚੱਕਰਵਰਤੀ ਨੂੰ ਚੁਣਿਆ ਗਿਆ ਸੀ ਕਿਉਂਕਿ ਉਹ ਮੋਢੇ ਦੀ ਸੱਟ ਤੋਂ ਉੱਭਰ ਗਿਆ ਸੀ ਪਰ ਉਹ ਦੋ ਵਾਰ ਫਿਟਨੈੱਸ ਟੈਸਟ ਵਿੱਚ ਖਰਾ ਨਹੀਂ ਉਤਰਿਆ। ਜ਼ਿਕਰਯੋਗ ਹੈ ਕਿ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਅਜਿਹੇ ਖਿਡਾਰੀ ਦੀ ਚੋਣ ਕੀਤੀ ਜੋ ਅਕਤੂਬਰ ਮਗਰੋਂ ਆਪਣੇ ਰਾਜ ਤਾਮਿਲਨਾਡੂ ਲਈ ਕੋਈ ਵੀ ਮੈਚ ਨਹੀਂ ਖੇਡਿਆ। ਪਤਾ ਲੱਗਿਆ ਹੈ ਕਿ ਰਾਹੁਲ ਚਾਹਰ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾਵੇਗਾ, ਕਿਉਂਕਿ ਉਹ ਟੈਸਟ ਸੀਰੀਜ਼ ਸ਼ੁਰੂ ਤੋਂ ਹੀ ਟੀਮ ਵਿੱਚ ਸ਼ਾਮਲ ਹੈ। ਐਨਸੀਏ ਦੇ ਸਿਹਤ ਕਰਮਚਾਰੀ ਨਟਰਾਜਨ ਦੀ ਫਿਟਨੈੱਸ ਹਾਸਲ ਕਰਨ ਲਈ ਸਹਾਇਤਾ ਕਰ ਰਹੇ ਹਨ, ਜਿਸ ਕਾਰਨ ਉਹ ਸੀਰੀਜ਼ ਦੇ ਦੂਜੇ ਅੱਧ ਵਿੱਚ ਟੀਮ ਨਾਲ ਖੇਡ ਸਕੇ।