ਅਮਰਾਵਤੀ, 30 ਦਸੰਬਰ
ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਇੱਥੇ ਕਿਹਾ ਕਿ ਦੇਸ਼ ਭਰ ’ਚ 63 ਲੱਖ ਤੋਂ ਵੱਧ ਕੇਸ ਵਕੀਲਾਂ ਦੀ ਘਾਟ ਕਾਰਨ ਅਤੇ 14 ਲੱਖ ਤੋਂ ਵੱਧ ਕੇਸ ਦਸਤਾਵੇਜ਼ਾਂ ਜਾਂ ਰਿਕਾਰਡ ਦੀ ਉਡੀਕ ਕਾਰਨ ਲਟਕ ਰਹੇ ਹਨ। ਆਂਧਰਾ ਪ੍ਰਦੇਸ਼ ਜੁਡੀਸ਼ਲ ਅਕੈਡਮੀ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਟਿਸ ਚੰਦਰਚੂੜ ਨੇ ਕਿਹਾ ਕਿ ਲੋਕਾਂ ਨੂੰ ਜ਼ਿਲ੍ਹਾ ਅਦਾਲਤਾਂ ਦੀ ਅਹਿਮੀਅਤ ਨੂੰ ਘਟਾ ਕੇ ਦੇਖਣ ਦੀ ਬਸਤੀਵਾਦੀ ਮਾਨਸਿਕਤਾ ’ਚੋਂ ਨਿਕਲਣਾ ਚਾਹੀਦਾ ਹੈ ਕਿਉਂਕਿ ਜ਼ਿਲ੍ਹਾ ਅਦਾਲਤ ਨਾ ਸਿਰਫ਼ ਨਿਆਂਪਾਲਿਕਾ ਦੀ ਰੀੜ੍ਹ ਦੀ ਹੱਡੀ ਹਨ ਬਲਕਿ ਕਈ ਲੋਕਾਂ ਲਈ ਨਿਆਂਇਕ ਸੰਸਥਾ ਦੇ ਰੂਪ ’ਚ ਪਹਿਲਾ ਪੜਾਅ ਵੀ ਹਨ।