ਨਵੀਂ ਦਿੱਲੀ, 20 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਆਪਣੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਲੱਦਾਖ ਦੀ ਪੈਂਗੌਂਗ ਝੀਲ ਦੇਖਣ ਲਈ ਬਾਈਕ ’ਤੇ ਰਵਾਨਾ ਹੋਏ। ਰਾਜੀਵ ਗਾਂਧੀ ਦਾ ਜਨਮ ਦਿਨ 20 ਅਗਸਤ ਨੂੰ ਹੁੰਦਾ ਹੈ। ਇੰਸਟਾਗ੍ਰਾਮ ’ਤੇ ਰਾਹੁਲ ਨੇ ਪੋਸਟ ਕਰਦਿਆਂ ਲਿਖਿਆ, ‘ਪੈਂਗੌਂਗ ਝੀਲ ਵੱਲ ਜਾਂਦਿਆਂ, ਜਿਸ ਬਾਰੇ ਮੇਰੇ ਪਿਤਾ ਕਹਿੰਦੇ ਹੁੰਦੇ ਸਨ ਕਿ, ਇਹ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ ਥਾਵਾਂ ਵਿਚੋਂ ਇਕ ਹੈ।’ ਧਾਰਾ 370 ਖ਼ਤਮ ਹੋਣ ’ਤੇ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਇਹ ਰਾਹੁਲ ਦਾ ਪਹਿਲਾ ਲੱਦਾਖ ਦੌਰਾ ਹੈ। ਇਹ ਧਾਰਾ ਅਗਸਤ, 2019 ਵਿਚ ਹਟਾਈ ਗਈ ਸੀ। ਰਾਹੁਲ ਵੀਰਵਾਰ ਦੋ ਦਿਨਾ ਦੌਰੇ ’ਤੇ ਤੇ ਲੇਹ ਪੁੱਜੇ ਸਨ ਪਰ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਉਨ੍ਹਾਂ ਦਾ ਇਹ ਦੌਰਾ ਵਧਾ ਦਿੱਤਾ ਗਿਆ। ਸ਼ੁੱਕਰਵਾਰ ਉਨ੍ਹਾਂ ਲੇਹ ’ਚ ਨੌਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਹ 30 ਮੈਂਬਰੀ ਲੱਦਾਖ ਖ਼ੁਦਮੁਖਤਿਆਰ ਪਹਾੜੀ ਵਿਕਾਸ ਕੌਂਸਲ ਦੀ ਮੀਟਿੰਗ ’ਚ ਵੀ ਹਿੱਸਾ ਲੈਣਗੇ। ਕਾਰਗਿਲ ਕੌਂਸਲ ਦੀਆਂ 10 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਨੇ ਭਾਜਪਾ ਵਿਰੁੱਧ ਗੱਠਜੋੜ ਕੀਤਾ ਹੈ। ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੌਰਾਨ ਜੰਮੂ ਤੇ ਸ੍ਰੀਨਗਰ ਆਏ ਸਨ ਪਰ ਲੱਦਾਖ ਨਹੀਂ ਗਏ ਸਨ।