ਲੰਡਨ, 18 ਅਗਸਤ
ਬਰਤਾਨੀਆ ਦੇ ਪੱਛਮੀ ਲੰਡਨ ਵਿੱਚ ਸਿੱਖ ਭਾਈਚਾਰੇ ਦੇ ਸਮਾਗਮ ਦੌਰਾਨ ਦੋ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਗੁਰਪ੍ਰੀਤ ਸਿੰਘ (25) ਨੂੰ ਇੱਥੇ ਐਕਸਬ੍ਰਿਜ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਖ਼ਿਲਾਫ਼ ਗੰਭੀਰ ਦੋਸ਼ ਲਾਏ ਗਏ। ਉਸ ਵਿਰੁੱਧ ਕੁੱਲ ਸੱਤ ਦੋਸ਼ ਆਇਦ ਕੀਤੇ ਗਏ ਹਨ। ਮੁਲਜ਼ਮ ਨੂੰ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ ਅਤੇ 14 ਸਤੰਬਰ ਨੂੰ ਇੱਥੇ ਆਇਲਵਰਥ ਕਰਾਊਨ ਕੋਰਟ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਇਹ ਘਟਨਾ ਮੰਗਲਵਾਰ ਰਾਤ ਨੂੰ ਸਾਊਥਾਲ ‘ਚ ਭਾਰਤ ਦੇ ਸੁਤੰਤਰਤਾ ਦਿਵਸ ‘ਤੇ ਭਾਈਚਾਰਕ ਸਮਾਗਮ ਦੌਰਾਨ ਵਾਪਰੀ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਜਨਤਕ ਹੋਈ ਹੈ, ਜਿਸ ‘ਚ ਕੁਝ ਖਾਲਿਸਤਾਨੀ ਸਮਰਥਕ ਲੜਦੇ ਨਜ਼ਰ ਆ ਰਹੇ ਹਨ ਅਤੇ ਪੁਲੀਸ ਅਧਿਕਾਰੀ ਮਸ਼ਕੂਕਾਂ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ।