ਗੁਰਦਾਸਪੁਰ, ਮਹਿਲਾ ਸਿਪਾਹੀ ਨਾਲ ਜਬਰਜਨਾਹ ਤੇ ਧੋਖਾਧੜੀ ਕਰਨ ਵਰਗੇ ਸੰਗੀਨ ਮਾਮਲੇ ਵਿੱਚ ਘਿਰੇ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਅੱਜ ਗੁਰਦਾਸਪੁਰ ਵਿੱਚ ਸੀਜੇਐਮ ਦੀ ਅਦਾਲਤ ਵਿੱਚ ਸਮਰਪਣ ਕਰ ਦਿੱਤਾ।
ਪੁਲੀਸ  ਨੇ ਲੰਗਾਹ ਕੋਲੋੋਂ ਪੁੱਛ-ਪੜਤਾਲ ਕਰਨ ਲਈ ਅਦਾਲਤ ਤੋਂ 10 ਰੋਜ਼ਾ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਪੰਜ ਦਿਨਾ ਰਿਮਾਂਡ ਦਿੱਤਾ। ਮੁਲਜ਼ਮ ਦਾ ਰੋਜ਼ਾਨਾ ਮੈਡੀਕਲ ਕਰਵਾਇਆ ਜਾਵੇਗਾ। ਇਸ ਦੌਰਾਨ ਜ਼ਿਲ੍ਹਾ ਕਚਹਿਰੀ ਕੰਪਲੈਕਸ ਅਤੇ ਅਦਾਲਤ ਬਾਹਰ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਸੀ। ਮੁਲਜ਼ਮ ਦੁਪਹਿਰੇ ਕਰੀਬ ਤਿੰਨ ਵਜੇ          ਆਪਣੇ ਵਕੀਲ ਨੂੰ ਲੈ ਕੇ ਅਦਾਲਤ ਪੁੱਜਿਆ ਤਾਂ ਉਸ ਦਾ ਲੜਕਾ ਸੋਨੂੰ ਲੰਗਾਹ ਵੀ ਨਾਲ ਸੀ।
ਇਸ ਮੌਕੇ ਲੰਗਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਲਤ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਗੌਰਤਲਬ ਹੈ ਕਿ ਪੰਜਾਬ ਪੁਲੀਸ ਵਿੱਚ ਤਾਇਨਾਤ ਇਕ ਮਹਿਲਾ ਦੀ ਸ਼ਿਕਾਇਤ ਉੱਤੇ ਸਿਟੀ ਪੁਲੀਸ ਨੇ ਲੰਗਾਹ ਖ਼ਿਲਾਫ਼ 29 ਸਤੰਬਰ ਨੂੰ ਜਬਰਜਨਾਹ ਅਤੇ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਬੀਤੇ ਦਿਨੀਂ ਚੰਡੀਗੜ੍ਹ ਦੀ ਅਦਾਲਤ ਵਿੱਚ ਸਮਰਪਣ ਕਰਨ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਗੁਰਦਾਸਪੁਰ ਜਾਣ ਲਈ ਆਖ ਦਿੱਤਾ। ਇਸ ਮਗਰੋਂ ਮੁਲਜ਼ਮ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ       ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ।
ਮੁਲਜ਼ਮ ਦੀ ਭਾਲ ਲਈ ਪੁਲੀਸ ਨੇ ਉਸ ਖ਼ਿਲਾਫ਼ ਲੁੱਕ ਆਊਟ ਨੋਟਿਸ ਵੀ       ਜਾਰੀ ਕੀਤਾ ਹੋਇਆ ਸੀ।     ਗੁਰਦਾਸਪੁਰ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪੜਤਾਲੀਆ ਅਫ਼ਸਰ ਹੁਣ ਲੰਗਾਹ ਖ਼ਿਲਾਫ਼ ਲੱਗੇ ਜਬਰ ਜਨਾਹ ਦੇ ਦੋਸ਼ਾਂ ਦੀ ਜਾਂਚ ਕਰਨਗੇ। ਮੁਲਜ਼ਮ ਦੇ 2 ਅਕਤੂਬਰ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਸਮਰਪਣ ਲਈ ਅਰਜ਼ੀ ਦਾਖ਼ਲ ਕਰਨ ਵੇਲੇ ਉਸ ਨੂੰ ਗ੍ਰਿਫ਼ਤਾਰ ਨਾ ਕਰ ਸਕਣ ਕਾਰਨ ਪੰਜਾਬ ਪੁਲੀਸ ਦੀ ਚੁਫੇਰਿਓਂ ਨਿਖੇਧੀ ਹੋ ਰਹੀ ਸੀ। ਲੰਗਾਹ ਖ਼ਿਲਾਫ਼ ਪੁਲੀਸ ਨੇ 28 ਸਤੰਬਰ ਦੀ ਰਾਤ ਨੂੰ ਆਈਪੀਸੀ ਦੀ ਧਾਰਾ 376, 420 ਅਤੇ 506 ਤਹਿਤ ਕੇਸ ਦਰਜ ਕੀਤਾ ਸੀ।
ਪੰਜਾਬ ਵਿਜੀਲੈਂਸ ਬਿਓਰੋ ਦੇ ਅਧਿਕਾਰੀ ਦੀ ਵਿਧਵਾ ਨੇ ਦੋਸ਼ ਸਿੱਧ ਕਰਨ ਲਈ ਆਪਣੀ ਸ਼ਿਕਾਇਤ ਨਾਲ ਪੁਲੀਸ ਨੂੰ ਪੈਨ ਡਰਾਈਵ ਵਿੱਚ ਇਕ ਵੀਡੀਓ ਕਲਿੱਪ ਵੀ ਦਿੱਤੀ, ਜਦੋਂ ਕਿ ਲੰਗਾਹ ਨੇ ਆਪਣੇ ਖ਼ਿਲਾਫ਼ ਦਰਜ ਕੇਸ ਨੂੰ ਝੂਠਾ ਦੱਸਿਆ ਅਤੇ ਕਾਂਗਰਸ ਦੇ ਇਕ ਵਿਧਾਇਕ ਉਤੇ ਫਸਾਉਣ ਦਾ ਦੋਸ਼ ਲਾਇਆ। ਉਨ੍ਹਾਂ ਇਸ ਸ਼ਿਕਾਇਤ ਨੂੰ ਸਿਆਸੀ ਬਦਲੇਖੋਰੀ ਦੀ ਉੱਘੜਵੀਂ ਮਿਸਾਲ ਦੱਸਿਆ।