ਸ੍ਰੀ ਆਨੰਦਪੁਰ ਸਾਹਿਬ, 11 ਜੁਲਾਈ
ਤਖ਼ਤ ਕੇਸਗੜ੍ਹ ਸਾਹਿਬ ਵਿਖੇ ਲੰਗਰ ਖ਼ਰੀਦ ਘਪਲੇ ਵਿੱਚ ਭਾਵੇਂ ਪੰਜ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਪਰ ਵਕੀਲ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ ਉਨ੍ਹਾਂ ਦੀ ਮੰਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਥਾਂ ਇਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਏ। ਇਹ ਗੱਲ ਅੱਜ ਇੱਥੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਸ ਮਾਮਲੇ ਵਿੱਚ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਮੰਗ ਪੱਤਰ ਦੇਣ ਪਹੁੰਚੇ ਵਕੀਲਾਂ ਦੇ ਵਫ਼ਦ ਨੇ ਕਹੀ। ਵਫ਼ਦ ਵਿੱਚ ਐਡਵੋਕੇਟ ਨਵਦੀਪ ਸਿੰਘ ਹੀਰਾ, ਐਡਵੋਕੇਟ ਜਗਦੀਪ ਸਿੰਘ ਬੈਂਸ, ਐਡਵੋਕੇਟ ਜਗਦੀਪ ਸਿੰਘ ਮਨਹਾਸ ਅਤੇ ਐਡਵੋਕੇਟ ਕਮਲਪ੍ਰੀਤ ਸਿੰਘ ਮੱਕੜ ਸ਼ਾਮਲ ਸਨ। ਇਸ ਸਬੰਧੀ ਜਥੇਦਾਰ ਕੇਸਗੜ ਸ਼ਹਿਰ ਨੇ ਕਿਹਾ ਕਿ ਉਹ ਮੰਗ ਪੱਤਰ ਜਲਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਧਿਆਨ ਵਿੱਚ ਲਿਆਉਣਗੇ ਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਜਾਵੇਗਾ।