ਅਟਾਰੀ, 4 ਨਵੰਬਰ

ਕਰੋਨਾ ਮਹਾਮਾਰੀ ਕਾਰਨ ਲੌਕਡਾਊਨ ਦੌਰਾਨ ਭਾਰਤ ’ਚ ਫਸੇ 107 ਪਾਕਿਸਤਾਨੀ ਨਾਗਰਿਕ ਅਤੇ 70 ਕਸ਼ਮੀਰੀ ਵਿਦਿਆਰਥੀ ਅੱਜ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਲਈ ਰਵਾਨਾ ਹੋਏ। ਪਾਕਿਸਤਾਨੀ ਨਾਗਰਿਕਾਂ ਅਤੇ ਕਸ਼ਮੀਰੀ ਵਿਦਿਆਰਥੀਆਂ ਦੇ ਸੰਗਠਿਤ ਚੈੱਕ ਪੋਸਟ ਅਟਾਰੀ ਪਹੁੰਚਣ ਉਪਰੰਤ ਸਿਹਤ ਵਿਭਾਗ ਦੀ ਟੀਮ ਵੱਲੋਂ ਥਰਮਲ ਸਕਰੀਨਿੰਗ ਤੇ ਕਸਟਮ-ਇਮੀਗ੍ਰੇਸ਼ਨ ਦਾ ਅਮਲ ਪੂਰਾ ਕਰਨ ਮਗਰੋਂ ਉਨ੍ਹਾਂ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ।

ਕਰੋਨਾ ਮਹਾਮਾਰੀ ਕਾਰਨ ਪਾਕਿਸਤਾਨ ਸਥਿਤ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀ ਵਤਨ ਪਰਤ ਆਏ ਸਨ, ਪਰ ਹੁਣ ਉਹ ਆਪਣੀ ਪੜ੍ਹਾਈ ਪੂਰੀ ਕਰਨ ਲਈ ਵਾਪਸ ਜਾ ਰਹੇ ਹਨ। ਉਧਰ ਵਤਨ ਪਰਤੇ ਪਾਕਿਸਤਾਨੀ ਨਾਗਰਿਕ ਗੁਜਰਾਤ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਕੇਰਲਾ, ਮਹਾਰਾਸ਼ਟਰ, ਤਾਮਿਲਨਾਡੂ, ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਫਰਵਰੀ-ਮਾਰਚ ਮਹੀਨੇ ਭਾਰਤ ਆਏ ਸਨ।

ਕੈਪਸ਼ਨ: ਸੰਗਠਿਤ ਚੈੱਕ ਪੋਸਟ ਅਟਾਰੀ ਦੇ ਬਾਹਰ ਬੀਐੱਸਐੱਫ ਦਾ ਜਵਾਨ ਕਸ਼ਮੀਰੀ ਵਿਦਿਆਰਥੀ ਦਾ ਪਾਸਪੋਰਟ ਵੇਖਦਾ ਹੋਇਆ।