ਅੰਮ੍ਰਿਤਸਰ — ਇਕ ਸਾਲ ਵਿਚ ਹੀ ਅਕਾਲੀ ਦਲ ਨੇ ਕਿਰਪਾਲ ਸਿੰਘ ਬਡੂੰਗਰ ਦੀ ਛੁੱਟੀ ਕਰ ਦਿੱਤੀ ਹੈ ਅਤੇ ਗੋਬਿੰਦ ਸਿੰਘ ਲੌਂਗੋਵਾਲ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਬਣ ਗਏ ਹਨ। ਜ਼ਿਕਰਯੋਗ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ‘ਚ ਅੱਜ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਸ਼੍ਰੋਮਣੀ ਅਕਾਲੀ ਦੇ ਧਨੌਲਾ ਅਤੇ ਧੂਰੀ ਤੋਂ ਵਿਧਾਇਕ ਰਹੇ ਸ. ਗੋਬਿੰਦ ਸਿੰਘ ਲੌਂਗੋਵਾਲ ਦਾ ਪਾਰਟੀ ਵੱਲੋਂ ਨਾਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਪੇਸ਼ ਕੀਤਾ। ਉਨ੍ਹਾਂ ਦੇ ਨਾਂ ਦਾ ਸਮਰਥਨ ਭਾਈ ਮਨਜੀਤ ਸਿੰਘ ਨੇ ਕੀਤਾ।
ਇਸ ਤੋਂ ਇਲਾਵਾ ਹੋਰ ਨਾਂ ਮੰਗੇ ਜਾਣ ‘ਤੇ ਸ. ਸੁਖਦੇਵ ਸਿੰਘ ਭੌਰ ਵੱਲੋਂ ਬਣਾਏ ਗਏ ਪੰਥਕ ਫਰੰਟ ਵੱਲੋਂ ਸ. ਜਸਵੰਤ ਸਿੰਘ ਪੁੜੈਣ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸ. ਅਮਰੀਕ ਸਿੰਘ ਸ਼ਾਹਪੁਰ ਦਾ ਨਾਂ ਪ੍ਰਧਾਨਗੀ ਲਈ ਪੇਸ਼ ਕੀਤਾ ਸੀ, ਜਿਸ ਨਾਲ ਇਸ ਮਾਮਲੇ ‘ਚ ਚੋਣ ਦੀ ਸਥਿਤੀ ਬਣ ਗਈ। ਇਸ ਤੋਂ ਬਾਅਦ ਗੋਬਿੰਦ ਸਿੰਘ ਲੌਂਗੋਵਾਲ ਅਤੇ ਅਮਰੀਕ ਸਿੰਘ ਦੇ ਨਾਂ ਨੂੰ ਲੈ ਕੇ ਵੋਟਿੰਗ ਕਰਵਾਈ ਗਈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਬਾਦਲ ਦੇ ਲਗਾਤਾਰ 10 ਸਾਲਾਂ ਤੋਂ ਉੱਪ ਪ੍ਰਧਾਨ ਚਲੇ ਆ ਰਹੇ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣਾ ਸਿਆਸੀ ਸਫਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਸ਼ੁਰੂ ਕੀਤਾ। ਸਾਲ 1985, 1997,2002 ‘ਚ ਧਨੋਲਾ ਤੋਂ ਵਿਧਾਇਕ ਰਹੇ ਅਤੇ ਸਾਲ 2000 ‘ਚ ਬਾਦਲ ਸਰਕਾਰ ‘ਚ ਸੂਬੇ ਦੇ ਸਿੰਚਾਈ ਮੰਤਰੀ ਬਣੇ। ਸਾਲ 2011 ‘ਚ ਧੁਰੀ ਤੋਂ ਵਿਧਾਇਕ ਬਣੇ ਅਤੇ ਲੌਂਗੋਵਾਲ ਤੋਂ ਸਾਲ 2011 ਤੋਂ ਲਗਾਤਾਰ ਐੱਸ.ਜੀ.ਪੀ.ਸੀ. ਦੇ ਮੈਂਬਰ ਬਣੇ ਹੋਏ ਹਨ। ਸਾਲ 1987 ‘ਚ ਮਾਰਕਫੇਡ ਦੇ ਚੇਅਰਮੈਨ ਅਤੇ ਸਾਲ 2009 ‘ਚ ਸੰਗਰੂਰ ਦੇ ਜ਼ਿਲਾ ਯੋਜਨਾ ਬੋਰਡ ਦੇ ਚੇਅਕਮੈਨ ਵੀ ਰਹੇ।
ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਧਾਨ ਬਣਨ ਤੋਂ ਬਾਅਦ ਕਿਹਾ, ”ਮੈਂ ਧੰਨਵਾਦੀ ਹਾਂ ਸਾਰੇ ਐੱਸ. ਜੀ. ਪੀ. ਸੀ. ਦੇ ਮੈਂਬਰਾਂ ਦਾ, ਜਿਨ੍ਹਾਂ ਨੇ ਮੇਰੇ ‘ਤੇ ਭਰੋਸਾ ਜਤਾਇਆ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਸਿੱਖੀ ਦੀ ਸੇਵਾ ਸਹੀ ਢੰਗ ਨਾਲ ਕਰਨ ਦੀ ਤਖਤ ਬਖਸ਼ਣ।”