ਸੰਗਰੂਰ/ਲੌਂਗੋਵਾਲ, 23 ਅਗਸਤ
ਲੌਂਗੋਵਾਲ ਵਿੱਚ ਬੀਤੇ ਦਿਨ ਪੁਲੀਸ ਅਤੇ ਕਿਸਾਨਾਂ ਦਰਮਿਆਨ ਹੋਈ ਝੜਪ ਤੋਂ ਬਾਅਦ ਲੌਂਗੋਵਾਲ ਪੁਲੀਸ ਨੇ 30-35 ਅਣਪਛਾਤੇ ਵਿਅਕਤੀਆਂ ਸਮੇਤ 50 ਤੋਂ ਵੱਧ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਦੀ ਕਾਰਵਾਈ ਮਗਰੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਅੱਜ ਲੌਂਗੋਵਾਲ ’ਚ ਹੰਗਾਮੀ ਮੀਟਿੰਗ ਕਰਦਿਆਂ ਝੜਪ ਦੌਰਾਨ ਮਾਰੇ ਗਏ ਕਿਸਾਨ ਪ੍ਰੀਤਮ ਸਿੰਘ ਨੂੰ ‘ਸ਼ਹੀਦ’ ਕਰਾਰ ਦਿੱਤਾ ਹੈ ਤੇ ਲੌਂਗੋਵਾਲ ’ਚ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਦੂਜੇ ਪਾਸੇ 16 ਕਿਸਾਨ ਜਥੇਬੰਦੀਆਂ ਦਾ ਲੌਂਗੋਵਾਲ ਥਾਣੇ ਅੱਗੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨ ਦੀ ਮੌਤ ਦੇ ਰੋਸ ਵਜੋਂ ਲੌਂਗੋਵਾਲ ਦੇ ਸਮੁੱਚੇ ਬਾਜ਼ਾਰ ਬੰਦ ਰਹੇ।
ਮਿਲੀ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਅੱਜ ਜਿਨ੍ਹਾਂ 50 ਤੋਂ ਵੱਧ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ ਵਿੱਚ ਸੁੱਖਾ ਸਿੰਘ, ਬਲਜਿੰਦਰ ਸਿੰਘ ਲੌਂਗੋਵਾਲ, ਪਰਦੀਪ ਸਿੰਘ ਕਿਲਾ ਭਰੀਆ, ਪੀਟਰ ਰੇਹੜੇ ਦਾ ਨਾਮਲੂਮ ਡਰਾਈਵਰ, ਅਮਰ ਸਿੰਘ ਕਿਲਾ ਭਰੀਆਂ, ਅਮਰ ਸਿੰਘ ਲੌਂਗੋਵਾਲ, ਕੁਲਵਿੰਦਰ ਸਿੰਘ ਲੌਂਗੋਵਾਲ, ਭੁਪਿੰਦਰ ਸਿੰਘ ਸੂਬਾ ਆਗੂ ਕਿਰਤੀ ਕਿਸਾਨ ਯੂਨੀਆਨ, ਰਾਜਪਾਲ ਸਿੰਘ ਮੰਗਵਾਲ, ਪ੍ਰਿਥੀ ਸਿੰਘ ਲੋਂਗੋਵਾਲ, ਜੁਝਾਰ ਸਿੰਘ, ਹੈਪੀ ਨਮੋਲ, ਲਖਵੀਰ ਸਿੰਘ ਲੌਂਗੋਵਾਲ, ਕਮਲਜੀਤ ਸਿੰਘ ਲੌਂਗੋਵਾਲ, ਬਲਦੇਵ ਸਿੰਘ, ਬਾਰਾ ਸਿੰਘ ਮੰਗਵਾਲ, ਦਰਬਾਰਾ ਸਿੰਘ ਲੋਹਾਖੇੜਾ ਅਤੇ ਗੁਰਮੇਲ ਸਿੰਘ ਲੌਂਗੋਵਾਲ ਤੋਂ ਇਲਾਵਾ ਹੋਰ ਨਾਮਲੂਮ ਵਿਅਕਤੀ ਸ਼ਾਮਲ ਹਨ। ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 307, 323, 353, 186, 148, 149 ਤਹਿਤ ਕੇਸ ਕੇਸ ਦਰਜ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਆਗੂ ਸਤਿਨਾਮ ਸਿੰਘ ਬਹਿਰੂ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ ਅਤੇ ਭਾਕਿਯੂ ਦੁਆਬਾ ਦੇ ਆਗੂ ਸਤਨਾਮ ਸਿੰਘ ਸਾਹਨੀ ਨੇ ਲੌਂਗੋਵਾਲ ’ਚ ਹੋਏ ਪੁਲੀਸ ਜਬਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਡਬਰ ਟੌਲ ਪਲਾਜ਼ਾ ’ਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਤੇ ਕਿਸਾਨ ਬੀਬੀਆਂ ਉੱਪਰ ਪੁਲੀਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਅਤੇ ਕਿਸਾਨ ਪ੍ਰੀਤਮ ਸਿੰਘ ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਪਰੇ ਸਮੁੱਚੇ ਘਟਨਾਕ੍ਰਮ ਲਈ ਪੁਲੀਸ ਵਲੋਂ ਉਲਟਾ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦਿਆਂ 53 ਕਿਸਾਨਾਂ ਖ਼ਿਲਾਫ਼ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਾਠੀਚਾਰਜ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕੇਸ ਦਰਜ ਕੀਤਾ ਜਾਵੇ, 53 ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕੀਤ ਜਾਣ ਤੇ ਗ੍ਰਿਫ਼ਤਾਰ ਕੀਤੇ ਕਿਸਾਨ ਰਿਹਾਅ ਕੀਤੇ ਜਾਣ। ਕਿਸਾਨ ਆਗੂਆਂ ਨੇ ਦੱਸਿਆ ਕਿ 2 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਆਲ ਇੰਡੀਆ ਦੀ ਮੀਟਿੰਗ ਚੰਡੀਗੜ੍ਹ ’ਚ ਹੋ ਰਹੀ ਹੈ ਜਿਸ ਵਿਚ ਲੌਂਗੋਵਾਲ ਘਟਨਾ ਦਾ ਮੁੱਦਾ ਰੱਖਿਆ ਜਾਵੇਗਾ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵੱਲੋਂ 16 ਕਿਸਾਨ ਜਥੇਬੰਦੀਆਂ ਸੱਦੇ ’ਤੇ ਥਾਣਾ ਲੌਂਗੋਵਾਲ ਦੇ ਅੱਗੇ ਦੂਸਰੇ ਦਿਨ ਵੀ ਧਰਨਾ ਦਿੱਤਾ ਗਿਆ। ਅੱਜ ਦੇ ਧਰਨੇ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਆ ਕੇ ਸੰਬੋਧਨ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਸੂਬਾਈ ਆਗੂ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਜਿੱਥੇ ਪੰਜਾਬ ਸਰਕਾਰ ਤੇ ਹੜਾਂ ਤੋਂ ਪੀੜਤ ਪਰਿਵਾਰਾਂ ਨੂੰ ਫੌਰੀ ਮੁਆਵਜ਼ਾ ਵੰਡਣ ਵਿੱਚ ਅਸਫਲ ਰਹਿਣ ਦੇ ਦੋਸ਼ ਲਗਾਏ, ਉਥੇ ਹੀ ਮ੍ਰਿਤਕ ਕਿਸਾਨ ਪ੍ਰੀਤਮ ਸਿੰਘ ਮੰਡੇਰ ਕਲਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ, ਸਮੁੱਚਾ ਕਰਜ਼ਾ ਖਤਮ ਕਰਨ ਤੋਂ ਇਲਾਵਾ ਪਰਿਵਾਰ ਦੇ ਇਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਬੁਲਾਰਿਆਂ ਨੇ ਮੰਗ ਕੀਤੀ ਪੁਲੀਸ ਨਾਲ ਝੜਪ ਦੌਰਾਨ ਗੰਭੀਰ ਫੱਟੜਾਂ ਨੂੰ 2 ਲੱਖ ਦਾ ਮੁਆਵਜ਼ਾ, ਫੱਟੜ ਕਿਸਾਨਾਂ ਨੂੰ ਇਕ-ਇਕ ਲੱਖ ਰੁਪਏ ਦਾ ਮੁਆਵਜ਼ਾ ਅਤੇ ਟੁੱਟੇ ਤੇ ਨੁਕਸਾਨੇ ਵਾਹਨਾਂ ਲਈ 7 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।