ਦਰਾਸ(ਲੱਦਾਖ), 27 ਜੁਲਾਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਆਪਣਾ ਮਾਣ-ਤਾਣ ਤੇ ਗੌਰਵ ਕਾਇਮ ਰੱਖਣ ਲਈ ਕੰਟਰੋਲ ਰੇਖਾ ਉਲੰਘਣ ਲਈ ਵੀ ਤਿਆਰ ਹੈ। ਸਿੰਘ ਨੇ ਆਮ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਹਾਲਾਤ ਵਿੱਚ ਸੁਰੱਖਿਆ ਬਲਾਂ ਦੀ ਹਮਾਇਤ ਲਈ ਤਿਆਰ ਰਹਿਣ। ਕੇਂਦਰੀ ਮੰਤਰੀ ਨੇ ਰੂਸ-ਯੂਕਰੇਨ ਜੰਗ ਦੀ ਮਿਸਾਲ ਦਿੰਦਿਆਂ ਕਿਹਾ ਇਹ ਜੰਗ ਲੱਗਿਆਂ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਕਿਉਂਕਿ ਇਸ ਵਿੱਚ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੈ। ਸਿੰਘ ਨੇ ਕਿਹਾ ਕਿ ਕਾਰਗਿਲ ਜੰਗ ਭਾਰਤ ’ਤੇ ਥੋਪੀ ਗਈ ਸੀ। ਰੱਖਿਆ ਮੰਤਰੀ ਇਥੇ ਕਾਰਗਿਲ ਜੰਗੀ ਯਾਦਗਾਰ ਵਿਖੇ 24ਵੇਂ ਕਾਰਗਿਲ ਵਿਜੈ ਦਿਵਸ ਮੌਕੇ ਬੋਲ ਰਹੇ ਸਨ।
ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ 1999 ਦੀ ਕਾਰਗਿਲ ਜੰਗ ਦੌਰਾਨ ਦੇਸ਼ ਲਈ ਜਾਨਾਂ ਵਾਰਨ ਵਾਲੇ ਫੌਜੀ ਜਵਾਨਾਂ ਨੂੰ ਯਾਦਗਾਰ ’ਤੇ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ, ‘‘ਅਸੀਂ ਦੇਸ਼ ਦਾ ਮਾਣ-ਸਤਿਕਾਰ ਤੇ ਗੌਰਵ ਬਹਾਲ ਰੱਖਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ…ਇਸ ਲਈ ਜੇ ਕੰਟਰੋਲ ਰੇਖਾ ਤੋਂ ਪਾਰ ਵੀ ਜਾਣਾ ਪਿਆ ਤਾਂ ਅਸੀਂ ਉਸ ਲਈ ਵੀ ਤਿਆਰ ਹਾਂ…ਜੇ ਸਾਨੂੰ ਲਲਕਾਰਿਆ ਗਿਆ ਤੇ ਜੇ ਲੋੜ ਪਈ ਤਾਂ ਅਸੀਂ ਕੰਟਰੋਲ ਰੇਖਾ ਵੀ ਉਲੰਘ ਸਕਦੇ ਹਾਂ।’’ ਰੱਖਿਆ ਮੰਤਰੀ ਨੇ ਕਿਹਾ, ‘‘ਜਦੋਂ ਕਦੇ ਵੀ ਜੰਗ ਵਾਲੇ ਹਾਲਾਤ ਬਣੇ ਹਨ, ਸਾਡੇ ਲੋਕਾਂ ਨੇ ਸੁਰੱਖਿਆ ਬਲਾਂ ਦੀ ਹਮਾਇਤ ਕੀਤੀ ਹੈ, ਪਰ ਇਹ ਅਸਿੱਧੀ ਹਮਾਇਤ ਸੀ। ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਜੇਕਰ ਲੋੜ ਪਈ ਤਾਂ ਉਹ ਜੰਗ ਦੇ ਮੈਦਾਨ ਵਿੱਚ ਸਲਾਮਤੀ ਦਸਤਿਆਂ ਦੀ ਸਿੱਧੀ ਹਮਾਇਤ ਲਈ ਮਨੋਵਿਗਿਆਨਕ ਤੌਰ ’ਤੇ ਤਿਆਰ ਰਹਿਣ।’’ ਸਿੰਘ ਨੇ ਕਿਹਾ ਕਿ ਕਾਰਗਿਲ ਜੰਗ ਭਾਰਤ ’ਤੇ ਥੋਪੀ ਗਈ ਸੀ ਤੇ ਇਹ ਪਾਕਿਸਤਾਨ ਵੱਲੋਂ ‘ਪਿੱਠ ਵਿੱਚ ਮਾਰਿਆ ਛੁਰਾ’ ਸੀ। ਰੱਖਿਆ ਮੰਤਰੀ ਨੇ ਕਿਹਾ, ‘‘ਕਾਰਗਿਲ ਜੰਗ ਭਾਰਤ ’ਤੇ ਥੋਪੀ ਗਈ ਸੀ। ਉਸ ਵੇਲੇ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਜ਼ਰੀਏ ਮਸਲੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ…ਪਾਕਿਸਤਾਨ ਨੇ ਸਾਡੀ ਪਿੱਠ ਵਿੱਚ ਛੁਰਾ ਮਾਰਿਆ।’’ ਮੰਤਰੀ ਨੇ ਕਿਹਾ, ‘‘ਅਪਰੇਸ਼ਨ ਵਿਜੈ ਦੌਰਾਨ ਭਾਰਤੀ ਫੌਜ ਨੇ ਨਾ ਸਿਰਫ਼ ਪਾਕਿਸਤਾਨ ਬਲਕਿ ਕੁੱਲ ਆਲਮ ਨੂੰ ਸੁਨੇਹਾ ਦਿੱਤਾ ਕਿ ਜਦੋਂ ਗੱਲ ਸਾਡੇ ਕੌਮੀ ਹਿੱਤਾਂ ਦੀ ਆਉਂਦੀ ਹੈ ਤਾਂ ਸਾਡੀ ਫੌਜ ਕਿਸੇ ਵੀ ਕੀਮਤ ’ਤੇ ਪਿੱਛੇ ਨਹੀਂ ਹਟਦੀ। ਅਸੀਂ ਅੱਜ ਵੀ ਆਪਣੇ ਕੌਮੀ ਹਿੱਤਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।’’ ਕਾਰਗਿਲ ਵਿਜੈ ਦਿਵਸ ਪਾਕਿਸਤਾਨ ’ਤੇ ਭਾਰਤ ਦੀ ਜਿੱਤ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ।