ਨਵੀਂ ਦਿੱਲੀ, 27 ਜੁਲਾਈ
ਮਨੀਪੁਰ ਮੁੱਦੇ ’ਤੇ ਸੱਤਾ ਤੇ ਵਿਰੋਧੀ ਧਿਰਾਂ ਬਣੇ ਜਮੂਦ ਦਰਮਿਆਨ ਮੌਨਸੂਨ ਇਜਲਾਸ ਦੇ ਪੰਜਵੇਂ ਦਿਨ ਕਾਂਗਰਸ ਨੇ ਅੱਜ ਲੋਕ ਸਭਾ ਵਿੱਚ ਨਰਿੰਦਰ ਮੋਦੀ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਰੱਖਿਆ, ਜਿਸ ਨੂੰ ਸਪੀਕਰ ਓਮ ਬਿਰਲਾ ਨੇ ਸਵੀਕਾਰ ਕਰ ਲਿਆ। ਅਸਾਮ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਮਤਾ ਰੱਖਿਆ, ਜਿਸ ਦੀ ਸਦਨ ਵਿੱਚ ਮੌਜੂਦ 50 ਮੈਂਬਰਾਂ ਨੇ ਹਮਾਇਤ ਕੀਤੀ। ਸਪੀਕਰ ਬਿਰਲਾ ਨੇ ਕਿਹਾ ਕਿ ਮਤੇ ’ਤੇ ਬਹਿਸ ਬਾਰੇ ਫੈਸਲਾ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਸਲਾਹ ਮਸ਼ਵਰੇ ਮਗਰੋਂ ਲਿਆ ਜਾਵੇਗਾ। ਉਂਜ ਨੇਮਾਂ ਮੁਤਾਬਕ ਮਤੇ ਨੂੰ ਸਵੀਕਾਰ ਕੀਤੇ ਜਾਣ ਮਗਰੋਂ 10 ਦਿਨਾਂ ਅੰਦਰ ਇਸ ’ਤੇ ਵਿਚਾਰ ਚਰਚਾ ਕਰਵਾਉਣੀ ਹੁੰਦੀ ਹੈ। ਮੌਨਸੂਨ ਇਜਲਾਸ 11 ਅਗਸਤ ਨੂੰ ਖ਼ਤਮ ਹੋਣਾ ਹੈ। ਉਧਰ ਸਰਕਾਰ ਨੇ ਦਾਅਵਾ ਕੀਤਾ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ’ਤੇ ਪੂਰਨ ਭਰੋਸਾ ਹੈ। ਬੇਭਰੋਸਗੀ ਮਤੇ ਦੌਰਾਨ ਸਰਕਾਰ ਡਿੱਗਣ ਦੇ ਭਾਵੇਂ ਕੋਈ ਆਸਾਰ ਨਹੀਂ ਹਨ ਕਿਉਂਕਿ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਕੋਲ ਲੋੜੀਂਦਾ ਬਹੁਮੱਤ ਹੈ। ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੇ ਆਗੂ ਹਾਲਾਂਕਿ ਦਲੀਲ ਦਿੰਦੇ ਹਨ ਕਿ ਉਹ ਮਨੀਪੁਰ ਮੁੱਦੇ ’ਤੇ ਸਰਕਾਰ ਨੂੰ ਘੇਰ ਕੇ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਸੰਸਦ ਵਿੱਚ ਬੋਲਣ ਲਈ ਮਜਬੂਰ ਕਰਕੇ ਧਾਰਨਾ ਦੀ ਲੜਾਈ ਜਿੱਤ ਜਾਣਗੇ। ਸਾਲ 2014 ਮਗਰੋਂ ਇਹ ਦੂਜੀ ਵਾਰ ਹੈ ਜਦੋਂ ਮੋਦੀ ਸਰਕਾਰ ਨੂੰ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਾ ਪੈ ਰਿਹੈ। ਪਹਿਲਾ ਬੇਭਰੋਸਗੀ ਮਤਾ ਲੋਕ ਸਭਾ ਵਿੱਚ 20 ਜੁਲਾਈ 2018 ਨੂੰ ਰੱਖਿਆ ਗਿਆ ਸੀ। ਉਦੋਂ ਮਤੇ ਦੇ ਵਿਰੋਧ ਵਿੱਚ 325 ਤੇ ਹੱਕ ਵਿੱਚ ਸਿਰਫ਼ 126 ਵੋਟ ਪਏ ਸਨ। ਲੋਕ ਸਭਾ ਦੀ ਕੁੱਲ 543 ਸੀਟਾਂ ’ਚੋਂ ਪੰਜ ਇਸ ਵੇਲੇ ਖਾਲੀ ਹਨ। ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੇ 330 ਤੋਂ ਵੱਧ ਮੈਂਬਰ ਹਨ ਜਦੋਂਕਿ ਵਿਰੋਧੀ ਧਿਰਾਂ ਦੇ ਗੱਠਜੋੜ ਕੋਲ 140 ਤੋਂ ਵੱਧ ਮੈਂਬਰ ਹਨ। ਕਰੀਬ 60 ਮੈਂਬਰ ਅਜਿਹੇ ਹਨ, ਜੋ ਇਨ੍ਹਾਂ ਦੋ ਸਮੂਹਾਂ ਤੋਂ ਵੱਖਰੇ ਹਨ। ਕਾਂਗਰਸ ਨੇ ਜਿੱਥੇ ਬੇਭਰੋਸਗੀ ਮਤੇ ’ਤੇ ਵੀਰਵਾਰ ਤੋਂ ਹੀ ਬਹਿਸ ਕਰਵਾਉਣ ਦੀ ਮੰਗ ਕੀਤੀ, ਉਥੇ ਕੇਂਦਰੀ ਮੰਤਰੀਆਂ ਨੇ ਜ਼ੋਰ ਦੇ ਕੇ ਆਖਿਆ ਕਿ ਸਰਕਾਰ ਇਸ ਲਈ ਵੀ ਤਿਆਰ ਹੈ ਕਿਉਂਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ’ਤੇ ਪੂਰਨ ਵਿਸ਼ਵਾਸ ਹੈ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਭਰੋੋਸਗੀ ਮਤਾ ਇਕੱਲਾ ਕਾਂਗਰਸ ਨੇ ਨਹੀਂ ਲਿਆਂਦਾ, ਇਹ ‘ਇੰਡੀਆ’ ਵਿੱਚ ਸ਼ਾਮਲ ਪਾਰਟੀਆਂ ਦੀ ਸਾਂਝੀ ਪੇਸ਼ਕਦਮੀ ਹੈ। ਤਿਵਾੜੀ ਨੇ ਕਿਹਾ, ‘‘ਨੇਮਾਂ ਮੁਤਾਬਕ ਜਦੋਂ ਬੇਭਰੋਸਗੀ ਮਤਾ ਸਵੀਕਾਰ ਕੀਤਾ ਜਾਂਦਾ ਹੈ, ਤਾਂ ਇਸ ’ਤੇ 10 ਦਿਨਾਂ ਵਿੱਚ ਵਿਚਾਰ ਚਰਚਾ ਹੋਣੀ ਚਾਹੀਦੀ ਹੈ, ਪਰ ਸਦਨ ਦੀ ਰਵਾਇਤ ਰਹੀ ਹੈ ਕਿ ਜਦੋਂ ਬੇਭਰੋਸਗੀ ਮਤਾ ਲਿਆਂਦਾ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਸਦਨ ਨੂੰ ਸਰਕਾਰ ਵਿੱਚ ਭਰੋਸਾ ਨਹੀਂ ਰਿਹਾ, ਤਾਂ ਫਿਰ ਲੋਕ ਸਭਾ ਸਪੀਕਰ ਨੂੰ ਸਾਰਾ ਕੰਮਕਾਜ ਛੱਡ ਕੇ ਤਰਜੀਹੀ ਅਧਾਰ ’ਤੇ ਭਲਕ ਤੋਂ ਇਸ ’ਤੇ ਬਹਿਸ ਸ਼ੁਰੂ ਕਰਨੀ ਚਾਹੀਦੀ ਹੈ।’’ ਲੋਕ ਸਭਾ ਅੱਜ ਦੁਪਹਿਰੇ 12 ਵਜੇ ਜੁੜੀ ਤਾਂ ਸਪੀਕਰ ਨੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੰਸਦ ਮੈਂਬਰ ਗੌਰਵ ਗੋਗੋਈ ਵੱਲੋਂ ਇਕ ਨੋਟਿਸ ਮਿਲਿਆ ਹੈ, ‘ਜਿਸ ਵਿੱਚ ਨੇਮ 198 ਤਹਿਤ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਰੱਖਿਆ ਗਿਆ ਹੈ।’ ‘‘ਮੈਂ ਗੌਰਵ ਗੋਗੋਈ ਨੂੰ ਅਪੀਲ ਕਰਾਂਗਾ ਕਿ ਉਹ ਸਦਨ ਤੋਂ ਇਸ ਦੀ ਪ੍ਰਵਾਨਗੀ ਲੈਣ।’’ ਬਿਰਲਾ ਨੇ ਨੋਟਿਸ ਨੂੰ ਪੜ੍ਹ ਕੇ ਸੁਣਾਇਆ ਤੇ ਮਤੇ ਦੀ ਹਮਾਇਤ ਕਰਨ ਵਾਲੇ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੀ ਥਾਂ ’ਤੇ ਖੜ੍ਹੇ ਹੋ ਕੇ ਹਾਜ਼ਰੀ ਲਵਾਉਣ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨਾਲ ਸਬੰਧਤ ਸੰਸਦ ਮੈਂਬਰ, ਜਿਨ੍ਹਾਂ ਵਿੱਚ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਨੈਸ਼ਨਲ ਕਾਨਫਰੰਸ ਪ੍ਰਧਾਨ ਫਾਰੂਕ ਅਬਦੁੱਲਾ, ਡੀਐੱਮਕੇ ਦੇ ਟੀ.ਆਰ.ਬਾਲੂ ਤੇ ਐੱਨਸੀਪੀ ਆਗੂ ਸੁਪ੍ਰਿਆ ਸੂਲੇ ਵੀ ਸ਼ਾਮਲ ਸਨ, ਨੇ ਆਪੋ ਆਪਣੀਆਂ ਸੀਟਾਂ ’ਤੇ ਖੜ੍ਹੇ ਹੋ ਕੇ ਮਤੇ ਦੀ ਹਮਾਇਤ ’ਚ ਹਾਮੀ ਭਰੀ।
ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀਐੱਮਕੇ, ਸੀਪੀਆਈ, ਸੀਪੀਐੱਮ, ਸ਼ਿਵ ਸੈਨਾ (ਊਧਵ) ਜੇਡੀਯੂ ਤੇ ‘ਆਪ’ ਸਣੇ 13 ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਮਤੇ ਦੀ ਹਮਾਇਤ ਕੀਤੀ ਗਈ। ਵਿਰੋਧੀ ਧਿਰ ਦੀ ਇਸ ਪੇਸ਼ਕਦਮੀ ਖਿਲਾਫ਼ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਵਿੱਚ ਪੂਰਨ ਭਰੋਸਾ ਹੈ। ਉਨ੍ਹਾਂ ਕਿਹਾ, ‘‘ਵਿਰੋਧੀ ਧਿਰਾਂ ਨੇ ਪਿਛਲੇ ਕਾਰਜਕਾਲ ਦੌਰਾਨ ਵੀ ਇਹੀ ਕੁਝ ਕੀਤਾ ਸੀ ਤੇ ਲੋਕਾਂ ਨੇ ਉਨ੍ਹਾਂ ਨੂੰ ਸਬਕ ਸਿਖਾਇਆ ਤੇ ਮੁੜ ਸਿਖਾਉਣਗੇ।’’ ਉਧਰ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਸਰਕਾਰ ਬੇਭਰੋਸਗੀ ਮਤੇ ਲਈ ਵੀ ਤਿਆਰ ਹੈ।