ਨਵੀ ਦਿੱਲੀ : ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਅੱਜ ਵੀ ਜ਼ੋਰਦਾਰ ਹੰਗਾਮਾ ਕੀਤਾ ਗਿਆ। ਹੰਗਾਮੇ ਕਾਰਨ ਲੋਕ ਸਭਾ ਨੂੰ ਪਹਿਲਾਂ ਦੁਪਹਿਰ 12 ਵਜੇ ਤੱਕ ਅਤੇ ਫਿਰ ਦੁਬਾਰਾ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ, ਵਿਰੋਧੀ ਪਾਰਟੀਆਂ ਨੇ ਸੰਸਦ ਕੰਪਲੈਕਸ ਵਿੱਚ ਤਖ਼ਤੀਆਂ ਦਿਖਾ ਕੇ ਐਲਪੀਜੀ ਸੰਕਟ ਦਾ ਵਿਰੋਧ ਕੀਤਾ।

ਸਦਨ ‘ਚ ਵਿਰੋਧੀ ਧਿਰ ਦੇ ਹੰਗਾਮੇ ਦੇ ਵਿਚਕਾਰ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਦਾ ਨੇਤਾ ਹੀ ਨਹੀਂ ਸੁਧਰ ਰਿਹਾ, ਤਾਂ ਉਨ੍ਹਾਂ ਦੇ ਸਾਂਸਦ ਕਿਵੇਂ ਸੁਧਰਨਗੇ? ਸੰਸਦ ਕੰਪਲੈਕਸ ਵਿੱਚ ਵਿਰੋਧੀ ਧਿਰ ਦੇ ਲੋਕ ਖਾਣ-ਪੀਣ ਦਾ ਸਾਮਾਨ ਲੈ ਕੇ ਬਹੁਤ ਜ਼ਿਆਦਾ ਅਨੁਸ਼ਾਸਨਹੀਣਤਾ ਦਿਖਾ ਰਹੇ ਹਨ।

ਰਿਜੀਜੂ ਦੇ ਬੋਲਦੇ ਸਮੇਂ ਵੀ ਵਿਰੋਧੀ ਧਿਰ ਦਾ ਹੰਗਾਮਾ ਲਗਾਤਾਰ ਜਾਰੀ ਰਿਹਾ। ਇਸ ਤੋਂ ਬਾਅਦ ਚੇਅਰ ਤੋਂ ਸੰਧਿਆ ਰਾਏ ਨੇ ਚੇਤਾਵਨੀ ਦਿੱਤੀ, ਪਰ ਨਾਅਰੇਬਾਜ਼ੀ ਨਹੀਂ ਰੁਕੀ। ਇਸ ਦੇ ਚਲਦਿਆਂ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।

ਦੱਸ ਦਈਏ ਕਿ ਵੀਰਵਾਰ ਨੂੰ ਸਰਕਾਰ ਨੇ ਸਦਨ ਵਿੱਚ ਐਲ.ਪੀ.ਜੀ. (LPG) ਅਤੇ ਤੇਲ ਦੀ ਕਿੱਲਤ ਅਤੇ ਵਧਦੀਆਂ ਕੀਮਤਾਂ ‘ਤੇ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦਿੱਤਾ ਸੀ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ, ਮਿੱਟੀ ਦੇ ਤੇਲ (ਕੇਰੋਸੀਨ) ਜਾਂ ਐਵੀਏਸ਼ਨ ਟਰਬਾਈਨ ਫਿਊਲ (ATF) ਦੀ ਕੋਈ ਕਮੀ ਨਹੀਂ ਹੈ।

ਅੱਜ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦੇ ਬਿਆਨ ‘ਤੇ ਕਾਂਗਰਸ ਸਾਂਸਦ ਕੇ.ਸੀ. ਵੇਣੂਗੋਪਾਲ ਨੇ ਕਿਹਾ, “ਉਹ ਹਕੀਕਤ ਵਿੱਚ ਨਹੀਂ ਜੀਅ ਰਹੇ ਹਨ। ਉਹ ਸੁਪਨਿਆਂ ਦੀ ਦੁਨੀਆ ਵਿੱਚ ਜੀਅ ਰਹੇ ਹਨ। ਸਾਡੇ ਚੋਣ ਖੇਤਰਾਂ ਵਿੱਚ ਵੀ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹਨ। ਦੇਸ਼ ਦੀ ਰਾਜਧਾਨੀ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਲੋਕ ਕਿੰਨੀ ਤਕਲੀਫ਼ ਵਿੱਚ ਹਨ। ਇਸ ਹਕੀਕਤ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ ਪੈ ਰਿਹਾ ਕਿਉਂਕਿ ਉਹ ਇੱਕ ਵੱਖਰੀ ਹੀ ਦੁਨੀਆ ਵਿੱਚ ਜੀਅ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਰਾਹੁਲ ਗਾਂਧੀ ਇਨ੍ਹਾਂ ਮੁੱਦਿਆਂ ‘ਤੇ ਬੋਲਣ।”

ਕਾਂਗਰਸ ਸਾਂਸਦ ਕੇ. ਸੁਰੇਸ਼ ਨੇ ਕਿਹਾ- “ਸਾਨੂੰ ਇਸ ਦੇਸ਼ ਦੀ ਅਸਲੀ ਸਥਿਤੀ ਨੂੰ ਸਮਝਣਾ ਹੋਵੇਗਾ। ਦਿਨ-ਬ-ਦਿਨ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਸਰਕਾਰ ਕੁਝ ਨਹੀਂ ਕਰ ਰਹੀ ਹੈ, ਕੋਈ ਵੀ ਪ੍ਰਭਾਵਸ਼ਾਲੀ ਕਦਮ ਨਹੀਂ ਉਠਾ ਰਹੀ ਹੈ। ਹਰ ਪੈਟਰੋਲ ਪੰਪ ਅਤੇ ਗੈਸ ਏਜੰਸੀ ‘ਤੇ ਲੰਬੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਹਨ। ਅਸਲੀ ਸਥਿਤੀ ਪੂਰੀ ਤਰ੍ਹਾਂ ਵੱਖਰੀ ਹੈ। ਪ੍ਰਧਾਨ ਮੰਤਰੀ ਨੂੰ ਉਪਭੋਗਤਾਵਾਂ ਦੀ ਘਬਰਾਹਟ ਭਰੀ ਸਥਿਤੀ ਨੂੰ ਸਮਝਣਾ ਚਾਹੀਦਾ ਹੈ।”