ਨਵੀਂ ਦਿੱਲੀ, 3 ਅਗਸਤ

ਮਨੀਪੁਰ ਮੁੱਦੇ ’ਤੇ ਲੋਕ ਸਭਾ ’ਚ ਹੰਗਾਮੇ ਕਾਰਨ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ (ਸੋਧ) ਬਿੱਲ-2023 ’ਤੇ ਚਰਚਾ ਨਾ ਹੋ ਸਕੀ। ਸਪੀਕਰ ਓਮ ਬਿਰਲਾ ਲੋਕ ਸਭਾ ’ਚ ਵਾਰ ਵਾਰ ਡਾਹੇ ਜਾ ਰਹੇ ਅੜਿੱਕੇ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਅੱਜ ਸਦਨ ਦੀ ਕਾਰਵਾਈ ਤੋਂ ਦੂਰ ਰਹੇ। ਉਧਰ ਰਾਜ ਸਭਾ ’ਚ ਮਲਿਕਾਰਜੁਨ ਖੜਗੇ ਨੂੰ ਮਨੀਪੁਰ ਮੁੱਦੇ ’ਤੇ ਬੋਲਣ ਨਾ ਦੇਣ ਦੇ ਵਿਰੋਧ ’ਚ ਵਿਰੋਧੀ ਧਿਰ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ। ਉਂਜ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਸਦਨ ’ਚ ਆਉਣ ਦਾ ਨਿਰਦੇਸ਼ ਜਾਰੀ ਨਹੀਂ ਕਰ ਸਕਦੇ ਹਨ। ਇਸ ਦੌਰਾਨ ਰਾਜ ਸਭਾ ਨੇ ਤਿੰਨ ਬਿੱਲ ਪਾਸ ਕਰ ਦਿੱਤੇ ਜੋ ਪਹਿਲਾਂ ਹੀ ਲੋਕ ਸਭਾ ’ਚ ਪਾਸ ਹੋ ਚੁੱਕੇ ਹਨ। ਦੁਪਹਿਰ ਦੇ ਖਾਣੇ ਮਗਰੋਂ ਜਵਿੇਂ ਹੀ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰਾਂ ਦੇ ਮੈਂਬਰ ਸਦਨ ਦੇ ਐਨ ਵਿਚਕਾਰ ਆ ਗਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਨੀਪੁਰ ਦੇ ਹਾਲਾਤ ਬਾਰੇ ਬਿਆਨ ਦੇਣ ਸਬੰਧੀ ਨਾਅਰੇ ਲਾਉਣ ਲੱਗ ਪਏ। ਸਪੀਕਰ ਦੇ ਆਸਣ ’ਤੇ ਬੈਠੇ ਭਾਜਪਾ ਮੈਂਬਰ ਕਿਰਿਤ ਸੋਲੰਕੀ ਨੇ ਮੰਤਰੀਆਂ ਨੂੰ ਸੰਸਦੀ ਕਾਰਵਾਈ ਸਬੰਧੀ ਕਾਗਜ਼ ਪੇਸ਼ ਕਰਨ ਲਈ ਆਖਦਿਆਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਜਾਣ ਲਈ ਕਿਹਾ। ਜਦੋਂ ਵਿਰੋਧੀ ਆਗੂ ਆਪਣੀ ਮੰਗ ’ਤੇ ਅੜੇ ਰਹੇ ਤਾਂ ਚੇਅਰ ਨੇ ਦਿਨ ਭਰ ਲਈ ਸਦਨ ਉਠਾ ਦਿੱਤਾ। ਲੋਕ ਸਭਾ ’ਚ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ (ਸੋਧ) ਬਿੱਲ ’ਤੇ ਅੱਜ ਚਰਚਾ ਹੋਣੀ ਸੀ ਪਰ ਰੌਲੇ-ਰੱਪੇ ਕਾਰਨ ਅਜਿਹਾ ਨਹੀਂ ਹੋ ਸਕਿਆ। ਹੁਣ ਇਸ ਬਿੱਲ ’ਤੇ ਭਲਕੇ ਚਰਚਾ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਕੁਝ ਬਿੱਲ ਪਾਸ ਕਰਾਉਣ ਦੌਰਾਨ ਵਿਰੋਧੀ ਅਤੇ ਹਾਕਮ ਧਿਰ ਵੱਲੋਂ ਅਪਣਾਏ ਗਏ ਵਤੀਰੇ ਤੋਂ ਸਪੀਕਰ ਓਮ ਬਿਰਲਾ ਨਾਰਾਜ਼ ਹਨ। ਇਸ ਕਾਰਨ ਅੱਜ ਉਹ ਸਦਨ ’ਚ ਨਹੀਂ ਆਏ ਅਤੇ ਵਾਈਐੱਸਆਰਸੀਪੀ ਦੇ ਆਗੂ ਮਿਥੁਨ ਰੈੱਡੀ ਨੇ ਪ੍ਰਸ਼ਨਕਾਲ ਦੌਰਾਨ ਸਪੀਕਰ ਦੀ ਜ਼ਿੰਮੇਵਾਰੀ ਨਿਭਾਈ। ਅਧਿਕਾਰੀਆਂ ਨੇ ਕਿਹਾ ਕਿ ਵਿਰੋਧੀ ਅਤੇ ਹਾਕਮ ਧਿਰ ਨੂੰ ਸਪੀਕਰ ਦੀ ਨਾਰਾਜ਼ਗੀ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਪੀਕਰ ਮੈਂਬਰਾਂ ਤੋਂ ਤਵੱਕੋ ਰਖਦੇ ਹਨ ਕਿ ਉਹ ਸਦਨ ਦੀ ਮਰਿਆਦਾ ਕਾਇਮ ਰੱਖਣ। ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਸਦਨ ’ਚ ਨਾ ਬੋਲਣ ਦੇਣ ਦੇ ਦੋਸ਼ ਅਤੇ ਮਨੀਪੁਰ ਮੁੱਦੇ ’ਤੇ ਚਰਚਾ ਨਾ ਕਰਾਉਣ ਦੇ ਰੋਸ ਵਜੋਂ ਅੱਜ ‘ਇੰਡੀਆ’ ਗੱਠਜੋੜ ਦੇ ਮੈਂਬਰਾਂ ਨੇ ਰਾਜ ਸਭਾ ’ਚੋਂ ਦੋ ਵਾਰ ਵਾਕਆਊਟ ਕੀਤਾ। ਦੁਪਹਿਰ ਬਾਅਦ ਦੋ ਵਜੇ ਜਦੋਂ ਸਦਨ ਮੁੜ ਜੁੜਿਆ ਤਾਂ ਕੋਲਾ ਅਤੇ ਖਾਣਾਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ‘ਦਿ ਮਾਈਨਜ਼ ਐਂਡ ਮਿਨਰਲਜ਼ (ਵਿਕਾਸ ਤੇ ਰੈਗੂਲੇਸ਼ਨ) ਸੋਧ ਬਿੱਲ, 2023 ਪੇਸ਼ ਕੀਤਾ। ਵਿਰੋਧੀ ਧਿਰ ਦੇ ਮੈਂਬਰਾਂ ਨੇ ਮਨੀਪੁਰ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਆਪਣੀ ਮੰਗ ਦੁਹਰਾਉਂਦਿਆਂ ਰੌਲਾ-ਰੱਪਾ ਪਾਇਆ। ਉਪ ਚੇਅਰਮੈਨ ਹਰਵਿੰਸ਼ ਨੇ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਬੋਲਣ ਦਾ ਸਮਾਂ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ’ਚ ਇਸ ਸਮੇਂ ਅਸ਼ਾਂਤੀ ਦਾ ਮਾਹੌਲ ਫੈਲਿਆ ਹੋਇਆ ਹੈ। ਇਸ ’ਤੇ ਹਰਵਿੰਸ਼ ਨੇ ਖੜਗੇ ਨੂੰ ਸਿਰਫ਼ ਬਿੱਲ ’ਤੇ ਬੋਲਣ ਲਈ ਕਿਹਾ ਅਤੇ ਹੋਰ ਮੁੱਦਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਜਿਸ ’ਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ। ਰਾਜ ਸਭਾ ਨੇ ‘ਦਿ ਮਾਈਨਜ਼ ਐਂਡ ਮਿਨਰਲਜ਼ (ਵਿਕਾਸ ਤੇ ਰੈਗੂਲੇਸ਼ਨ) ਸੋਧ ਬਿੱਲ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਜਿਸ ’ਚ ਲਿਥੀਅਮ ਸਮੇਤ 12 ਪਰਮਾਣੂ ਖਣਿਜਾਂ ’ਚੋਂ ਛੇ ਦੀ ਪ੍ਰਾਈਵੇਟ ਸੈਕਟਰ ਨੂੰ ਖੁਦਾਈ ਦੀ ਇਜਾਜ਼ਤ ਦਿੱਤੀ ਗਈ ਹੈ। ਰਾਜ ਸਭਾ ਨੇ ਜੰਗਲਾਤ ਸਾਂਭ-ਸੰਭਾਲ (ਸੋਧ) ਬਿੱਲ ਵੀ ਪਾਸ ਕਰ ਦਿੱਤਾ ਜਿਸ ਤਹਿਤ ਕੌਮਾਂਤਰੀ ਸਰਹੱਦਾਂ ਤੋਂ 100 ਕਿਲੋਮੀਟਰ ਦੇ ਅੰਦਰ ਜੰਗਲੀ ਇਲਾਕੇ ’ਤੇ ਕੌਮੀ ਸੁਰੱਖਿਆ ਨਾਲ ਜੁੜੇ ਪ੍ਰਾਜੈਕਟਾਂ ਦੀ ਸਥਾਪਨਾ ਲਈ ਛੋਟ ਦਾ ਪ੍ਰਬੰਧ ਕੀਤਾ ਗਿਆ ਹੈ। ਰਾਜ ਸਭਾ ਨੇ ਜਨ ਵਿਸ਼ਵਾਸ (ਪ੍ਰਾਵਧਾਨਾਂ ’ਚ ਸੋਧ) ਬਿੱਲ, 2023 ਵੀ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ। ਬਿੱਲ ਤਹਿਤ ਕਾਰੋਬਾਰ ਸੁਖਾਲੇ ਢੰਗ ਨਾਲ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 42 ਐਕਟਾਂ ਦੇ 183 ਪ੍ਰਾਵਧਾਨਾਂ ’ਚ ਸੋਧ ਕਰਕੇ ਛੋਟੀ-ਮੋਟੀਆਂ ਗੜਬੜੀਆਂ ਨੂੰ ਜੁਰਮ ਦੀ ਸ਼੍ਰੇਣੀ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਬਿੱਲ ਤਹਿਤ ਹੁਣ ਜੁਰਮ ਕਰਨ ’ਤੇ ਅਦਾਲਤੀ ਸਜ਼ਾ ਦੀ ਲੋੜ ਨਹੀਂ ਹੈ ਅਤੇ ਸਿਰਫ਼ ਜੁਰਮਾਨਾ ਭਰਨ ਨਾਲ ਹੀ ਕੰਮ ਪੂਰਾ ਹੋ ਜਾਵੇਗਾ। ਕਾਂਗਰਸ ਦੇ ਰਾਜ ਸਭਾ ’ਚ ਚੀਫ਼ ਵ੍ਹਿੱਪ ਜੈਰਾਮ ਰਮੇਸ਼ ਨੇ ਕਿਹਾ,‘‘ਰਾਜ ਸਭਾ ’ਚ ਮੋਦੀ ਸਰਕਾਰ ਦੀ ਰਣਨੀਤੀ ਹੈ ਕਿ ਸਿਰਫ਼ ਭਾਜਪਾ ਦੇ ਆਗੂ ਹੀ ਬੋਲਣ ਅਤੇ ਵਿਰੋਧੀ ਧਿਰ ਦੇ ਆਗੂ ਨੂੰ ਕੁਝ ਵੀ ਬੋਲਣ ਨਾ ਦਿੱਤਾ ਜਾਵੇ। ਅੱਜ ਵੀ ਖੜਗੇ ਜੀ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।’’ ਵਿਰੋਧੀ ਧਿਰਾਂ ਦੇ ਆਗੂ ਮਨੀਪੁਰ ਮੁੱਦੇ ’ਤੇ ਨੇਮ 267 ਤਹਿਤ ਚਰਚਾ ਕਰਾਉਣ ਦੀ ਮੰਗ ’ਤੇ ਅੜੇ ਹੋਏ ਹਨ।