ਨਵੀਂ ਦਿੱਲੀ, 29 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੀ ਰਾਤ 2024 ਦੀਆਂ ਲੋਕ ਸਭਾ ਚੋਣਾਂ ਲਈ ਜਥੇਬੰਦਕ ਤੇ ਸਰਕਾਰੀ ਤਬਦੀਲੀਆਂ ਅਤੇ ਰਣਨੀਤਕ ਤੇ ਕੂਟਨੀਤਕ ਪੱਧਰ ’ਤੇ ਚਰਚਾ ਕਰਨ ਲਈ ਭਾਜਪਾ ਦੇ ਸਿਖਰਲੇ ਅਧਿਕਾਰੀਆਂ ਨਾਲ ਤਕਰੀਬਨ ਪੰਜ ਘੰਟੇ ਲੰਮੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਹੋਈ ਇਸ ਮੀਟਿੰਗ ’ਚ ਭਾਜਪਾ ਪ੍ਰਧਾਨ ਜੇਪੀ ਨੱਢਾ, ਪਾਰਟੀ ਦੇ ਜਨਰਲ ਸਕੱਤਰ (ਜਥੇਬੰਦਕ) ਬੀਐੱਲ ਸੰਤੋਸ਼, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਰਟੀ ਦੀ ਮਜ਼ਬੂਤੀ ਲਈ ਮੰਤਰੀ ਮੰਡਲ ’ਚ ਫੇਰ-ਬਦਲ ਤੇ ਜਥੇਬੰਦਕ ਸੁਧਾਰ ਦੀ ਲੋੜ ’ਤੇ ਚਰਚਾ ਕਰਨ ਤੋਂ ਇਲਾਵਾ ਮੀਟਿੰਗ ’ਚ ਆਗੂਆਂ ਨੇ ਢੁੱਕਵੇਂ ਪ੍ਰਬੰਧਨ ਤੇ ਵਿਸ਼ੇਸ਼ ਧਿਆਨ ਦੇਣ ਲਈ ਦੇਸ਼ ਨੂੰ ਪੂਰਬ, ਉੱਤਰ ਤੇ ਦੱਖਣ ਤਿੰਨ ਹਿੱਸਿਆਂ ’ਚ ਵੰਡਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮੰਤਰੀਆਂ ਵਾਂਝੇ ਤੇ ਗਰੀਬ ਵਰਗ ਵੱਲ ਧਿਆਨ ਦੇਣ ਅਤੇ ਸਾਰੇ ਗਰੁੱਪਾਂ ’ਚ ਸਰਕਾਰੀ ਯੋਜਨਾਵਾਂ ਦੇ ਲਾਭ ਸੌ ਫੀਸਦ ਮੁਹੱਈਆ ਕਰਾਉਣ ਲਈ ਕੰਮ ਕਰਨ ਦਾ ਨਿਰਦੇਸ਼ ਦਿੱਤਾ ਹੈ।

ਬੰਗਾਲ ਤੇ ਉੜੀਸਾ ਸਮੇਤ ਉੱਤਰ-ਪੱਛਮੀ ਸੂਬਿਆਂ ’ਤੇ ਆਧਾਰਿਤ ਪੂਰਬੀ ਕਲੱਸਟਰ ਦੀ ਮੀਟਿੰਗ 6 ਜੁਲਾਈ ਨੂੰ ਗੁਹਾਟੀ ’ਚ ਹੋਵੇਗੀ ਜਦਕਿ ਦਿੱਲੀ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਗੁਜਰਾਤ ਤੇ ਚੰਡੀਗੜ੍ਹ ’ਤੇ ਆਧਾਰਿਤ ਉੱਤਰੀ ਜ਼ੋਨ ਦੀ ਮੀਟਿੰਗ 7 ਜੁਲਾਈ ਨੂੰ ਦਿੱਲੀ ’ਚ ਹੋਵੇਗੀ। ਇਸੇ ਤਰ੍ਹਾ ਆਂਧਰਾ ਪ੍ਰਦੇਸ਼, ਤਿਲੰਗਾਨਾ, ਤਾਮਿਲ ਨਾਡੂ, ਕੇਰਲਾ ਤੇ ਕਰਨਾਟਕ ’ਤੇ ਆਧਾਰਿਤ ਦੱਖਣੀ ਜ਼ੋਨ ਦੀ ਮੀਟਿੰਗ 8 ਜੁਲਾਈ ਨੂੰ ਹੈਦਰਾਬਾਦ ’ਚ ਹੋਵੇਗੀ। ਇਹ ਮੀਟਿੰਗਾਂ ਚੋਣਾਂ ਤੋਂ ਪਹਿਲਾਂ ਪਾਰਟੀ ਆਗੂਆਂ ਨੂੰ ਭਵਿੱਖੀ ਰਣਨੀਤੀ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਭਾਜਪਾ ਵੱਲੋਂ ਅੱਗੇ ਵਧਾਈਆਂ ਜਾਣ ਵਾਲੀਆਂ ਵੱਡੀਆਂ ਸਿਆਸੀ ਮੁਹਿੰਮਾਂ ਨੂੰ ਵੀ ਸਪੱਸ਼ਟ ਕਰੇਗੀ। ਪ੍ਰਧਾਨ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਵਾਂਝੇ ਵਰਗ ਦੇ ਸ਼ਕਤੀਕਰਨ ਲਈ ਕੰਮ ਕਰੇਗੀ। ਭਾਜਪਾ ਦੀਆਂ ਅਗਲੀਆਂ ਮੀਟਿੰਗਾਂ ’ਚ ਸਾਂਝੇ ਸਿਵਲ ਕੋਡ ਦੀ ਵਕਾਲਤ ਕਰਨ ਦੇ ਢੰਗਾਂ ’ਤੇ ਵੀ ਚਰਚਾ ਕੀਤੀ ਜਾਵੇਗੀ। ਜੁਲਾਈ ’ਚ ਕੈਬਨਿਟ ਤੇ ਪਾਰਟੀ ’ਚ ਫੇਰਬਦਲ ਹੋ ਸਕਦਾ ਹੈ।