ਐੱਸਏਐੱਸ ਨਗਰ (ਮੁਹਾਲੀ), 26 ਜੂਨ                                          

ਕੇਂਦਰੀ ਸਰਕਾਰ ਵੱਲੋਂ ਖੇਤੀ ਪ੍ਰਧਾਨ ਸੂਬਾ ਪੰਜਾਬ ਅਤੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਖੇਤੀਬਾੜੀ, ਸਰਕਾਰੀ ਖ਼ਰੀਦ, ਮੰਡੀਕਰਨ ਆਰਡੀਨੈਂਸ ਵਿਰੁੱਧ ਲੋਕ ਇਨਸਾਫ਼ ਪਾਰਟੀ ਦੀ ‘ਸਾਈਕਲ ਯਾਤਰਾ’ ਸ਼ੁੱਕਰਵਾਰ ਨੂੰ ਮੁਹਾਲੀ ਪਹੁੰਚ ਕੇ ਸਮਾਪਤ ਹੋ ਗਈ। ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਆਪਣੇ ਸਮਰਥਕਾਂ ਨਾਲ ਕਰੀਬ 300 ਕਿਲੋਮੀਟਰ ਲੰਮਾ ਪੈਂਡਾ ਤੈਅ ਕਰਕੇ ਅੱਜ ਦੁਪਹਿਰ ਵੇਲੇ ਇੱਥੋਂ ਦੇ ਸੈਕਟਰ-70 ਵਿੱਚ ਪਹੁੰਚੇ, ਜਿੱਥੇ ਜ਼ਿਲ੍ਹਾ ਪ੍ਰਧਾਨ ਸੰਨ੍ਹੀ ਬਰਾੜ ਅਤੇ ਯੂਥ ਵਿੰਗ ਦੇ ਪ੍ਰਧਾਨ ਜਰਨੈਲ ਸਿੰਘ ਬੈਂਸ ਦੀ ਅਗਵਾਈ ਹੇਠ ਵਰਕਰਾਂ ਬੈਂਸ ਭਰਾਵਾਂ ਦੇ ਕਾਫ਼ਲੇ ਦਾ ਸਵਾਗਤ ਕੀਤਾ। ਇੱਥੇ ਪਾਰਟੀ ਵਰਕਰਾਂ ਅਤੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਬਾਅਦ ਬੈਂਸ ਭਰਾਵਾਂ ਦੀ ਅਗਵਾਈ ਹੇਠ ਸਾਈਕਲਾਂ ’ਤੇ ਸਵਾਰ ਲੋਕਾਂ ਦਾ ਇਕ ਵੱਡਾ ਕਾਫ਼ਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਜਾਣ ਲਈ ਰਵਾਨਾ ਹੋਇਆ ਪਰ ਮੁਹਾਲੀ-ਚੰਡੀਗੜ੍ਹ ਦੀ ਹੱਦ ਨੇੜੇ ਪੁਲੀਸ ਨੇ ਸਾਈਕਲ ਯਾਤਰਾ ਰੋਕ ਲਈ। ਇਸ ਕਾਰਨ ਵਰਕਰਾਂ ਨੇ ਸੜਕ ’ਤੇ ਖੜੇ ਹੋ ਕੇ ਮੁਜ਼ਾਹਰਾ ਕੀਤਾ। ਕਾਫੀ ਜਦੋਂ ਜਾਹਿਦ ਮਗਰੋਂ ਸਿਰਫ਼ ਬੈਂਸ ਭਰਾਵਾਂ ਨੂੰ ਚੰਡੀਗੜ੍ਹ ਜਾਣ ਦੀ ਇਜਾਜ਼ਤ ਮਿਲ ਗਈ। ਉਹ ਦੋਵੇਂ ਭਰਾ ਆਪੋ ਆਪਣੇ ਸਾਈਕਲਾਂ ’ਤੇ ਸਵਾਰ ਹੋ ਕੇ ਮੁੱਖ ਮੰਤਰੀ ਨੂੰ ਮਿਲਣ ਗਏ। ਇਸ ਮੌਕੇ ਰਣਧੀਰ ਸਿੰਘ ਸੀਬੀਆ, ਜਰਨੈਲ ਸਿੰਘ ਨੰਗਲ, ਜ਼ਿਲ੍ਹਾ ਪ੍ਰਧਾਨ ਸੰਨ੍ਹੀ ਬਰਾੜ, ਯੂਥ ਵਿੰਗ ਦੇ ਪ੍ਰਧਾਨ ਜਰਨੈਲ ਸਿੰਘ ਬੈਂਸ, ਕਰਨਲ ਅਵਤਾਰ ਸਿੰਘ ਹੀਰਾ ਅਤੇ ਨਵਜੋਤ ਸਿੰਘ ਸਿੱਧੂ ਮੁਹਾਲੀ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।