ਦੁਰਗ (ਛੱਤੀਸਗੜ੍ਹ), 22 ਸਤੰਬਰ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਮਹਿਲਾ ਸਮ੍ਰਿਧੀ ਸੰਮੇਲਨ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੇ ਜਜ਼ਬਾਤਾਂ ਦੀ ਸਿਆਸੀ ਮੰਤਵਾਂ ਲਈ ਵਰਤੋਂ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਧਰਮ ਤੇ ਜਾਤ ਦੇ ਨਾਂ ’ਤੇ ਗੁਮਰਾਹ ਕੀਤਾ ਜਾ ਰਿਹਾ ਹੈ। ਇਹ ਸਭ ਕੁਝ ਇਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਬੁਨਿਆਦੀ ਸਵਾਲ ਨਾ ਉਠਾ ਸਕਣ।

ਜ਼ਿਕਰਯੋਗ ਹੈ ਕਿ ਮਹਿਲਾ ਸਮ੍ਰਿਧੀ ਸੰਮੇਲਨ ਸੂਬੇ ਦੀ ਭੁਪੇਸ਼ ਬਘੇਲ ਸਰਕਾਰ ਵੱਲੋਂ ਭਿਲਾਈ ਵਿੱਚ ਕਰਵਾਇਆ ਗਿਆ ਹੈ। ਸ੍ਰੀਮਤੀ ਗਾਂਧੀ ਨੇ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਦੇਸ਼ ਵਿੱਚ ਬੇਰੁਜ਼ਗਾਰੀ ਤੇ ਮਹਿੰਗਾਈ ਬਾਰੇ ਗੱਲ ਨਹੀਂ ਕਰਦੀ ਜਦੋਂ ਕਿ ਸਰਕਾਰ ਦੇ ‘ਮਿੱਤਰ ਕਾਰੋਬਾਰੀ’ ਰੋਜ਼ਾਨਾ 1600 ਕਰੋੜ ਰੁਪਏ ਕਮਾ ਰਹੇ ਹਨ। ਆਪਣੇ ਬਚਪਨ ਨੂੰ ਯਾਦ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਉਹ ਤੇ ਉਸ ਦਾ ਪਿਤਾ ਰਾਜੀਵ ਗਾਂਧੀ ਆਪਣੇ ਹਲਕੇ ਦਾ ਦੌਰਾ ਕਰ ਰਹੇ ਸਨ। ਉਸ ਦਾ ਪਿਤਾ ਗੱਡੀ ਚਲਾ ਰਿਹਾ ਸੀ। ਇਸੇ ਦੌਰਾਨ ਉਹ ਲੋਕਾਂ ਨੂੰ ਮਿਲਣ ਲਈ ਗੱਡੀ ਤੋਂ ਉਤਰੇ ਅਤੇ ਤੁਰਨ ਲੱਗ ਪਏ। ਇਸੇ ਦੌਰਾਨ ਇਕ ਮਹਿਲਾ ਨੇ ਉੱਚੀ ਆਵਾਜ਼ ਵਿੱਚ ਗੱਲ ਕਰਦਿਆਂ ਹਲਕੇ ਵਿੱਚ ਸੜਕਾਂ ਦੀ ਖਰਾਬ ਹਾਲਤ ਬਾਰੇ ਸ਼ਿਕਾਇਤ ਕੀਤੀ। ਰਾਜੀਵ ਗਾਂਧੀ ਨੇ ਉਸ ਦੀ ਗੱਲ ਦਾ ਜਵਾਬ ਦਿੱਤਾ। ਜਦੋਂ ਪ੍ਰਿਯੰਕਾ ਨੇ ਪਿਤਾ ਨੂੰ ਔਰਤ ਦੇ ਸਖ਼ਤ ਲਹਿਜੇ ਬਾਰੇ ਪੁੱਛਿਆ ਕਿ ਰਾਜੀਵ ਗਾਂਧੀ ਨੇ ਕਿਹਾ ਕਿ ਉਸ ਨੂੰ ਬੁਰਾ ਨਹੀਂ ਲੱਗਾ ਕਿਉਂਕਿ ਸਵਾਲ ਪੁੱਛਣਾ ਮਹਿਲਾ ਦਾ ਹੱਕ ਹੈ ਤੇ ਜਵਾਬ ਦੇਣਾ ਮੇਰਾ ਫਰਜ਼ ਹੈ।

ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਸ ਘਟਨਾ ਨੂੰ 40 ਵਰ੍ਹੇ ਬੀਤ ਚੁੱਕੇ ਹਨ ਤੇ ਉਸ ਨੇ ਉੱਤਰ ਪ੍ਰਦੇਸ਼ ਵਿੱਚ ਇਕ ਮਹਿਲਾ, ਜੋ ਕਿ ਚੂੜੀਆਂ ਵੇਚ ਕੇ ਘਰ ਦਾ ਖਰਚਾ ਚਲਾਉਂਦੀ ਸੀ, ਨੂੰ ਪੁੱਛਿਆ ਕਿ ਉਸ ਕੋਲ ਗੈਸ ਸਿਲੰਡਰ ਹੈ ਤਾਂ ਔਰਤ ਨੇ ਕਿਹਾ ਕਿ ਸਿਲੰਡਰ ਤਾਂ ਹੈ ਪਰ ਉਹ ਖਾਲੀ ਹੈ। ਸ੍ਰੀਮਤੀ ਗਾਂਧੀ ਨੇ ਕਿਹਾ ਕਿ ਸਿਆਸਤ ਵਿੱਚ ਕਦਰਾਂ ਕੀਮਤਾਂ ਬਦਲ ਗਈਆਂ ਹਨ। ਉਨ੍ਹਾਂ ਕਿਹਾ ਕਿ ਜੀ-20 ਸਿਖਰ ਸੰਮੇਲਨ ਨੇ ਦੇਸ਼ ਦੀ ਸਾਖ਼ ਵਧਾਈ ਹੈ ਪਰ ਉਨ੍ਹਾਂ ਨੇ ਸੰਮੇਲਨ ’ਤੇ ਕੀਤੇ ਗਏ ਵੱਡੇ ਖਰਚੇ ’ਤੇ ਸਵਾਲ ਵੀ ਉਠਾਏ। ਉਨ੍ਹਾਂ ਦਾਅਵਾ ਕੀਤਾ ਕਿ ਯਸ਼ੋਭੂਮੀ (ਕਨਵੈਨਸ਼ਨ ਸੈਂਟਰ) ’ਤੇ 27,000 ਕਰੋੜ ਰੁਪਏ ਖਰਚ ਕੀਤੇ ਗਏ ਤੇ ਸੰਸਦ ਦੀ ਨਵੀਂ ਇਮਾਰਤ ’ਤੇ 20 ਹਜ਼ਾਰ ਕਰੋੜ ਰੁਪਏ ਖਰਚੇ ਗਏ ਹਨ ਪਰ ਪ੍ਰਧਾਨ ਮੰਤਰੀ ਇਸ ਦਾ ਗੱਲ ਦਾ ਜਵਾਬ ਨਹੀਂ ਦਿੰਦੇ ਕਿ ਸੜਕਾਂ ਕਿਉਂ ਖਰਾਬ ਹਨ। ਦੇਸ਼ ਵਿੱਚ ਰੁਜ਼ਗਾਰ ਕਿਉਂ ਨਹੀਂ ਹੈ ਅਤੇ ਇੰਨੀ ਮਹਿੰਗਾਈ ਕਿਉਂ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕਿਸਾਨ ਰੋਜ਼ਾਨਾ 27 ਰੁਪਏ ਹੀ ਕਮਾ ਰਹੇ ਹਨ ਜਦੋਂ ‘ਕਾਰੋਬਾਰੀ ਮਿੱਤਰ’ ਰੋਜ਼ਾਨਾ 1600 ਕਰੋੜ ਰੁਪਏ ਕਮਾ ਰਹੇ ਹਨ। ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਮੁੱਖ ਮੰਤਰੀ ਭੁਪੇਸ਼ ਬਘੇਲ ਦੀਆਂ ਯੋਜਨਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਦਿੱਤੀ ਹੈ ਜਦੋਂਕਿ ਬਾਕੀ ਦੇਸ਼ ਵਾਸੀ ਮਹਿੰਗਾਈ ਦੀ ਮਾਰ ਸਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਤੀਬਾੜੀ ਲਾਹੇਵੰਦ ਸਾਬਤ ਹੋ ਰਹੀ ਹੈ ਅਤੇ ਰਾਜੀਵ ਗਾਂਧੀ ਕਿਸਾਨ ਨਿਆਂ ਯੋਜਨਾ ਰਾਹੀਂ ਛੱਤੀਸਗੜ੍ਹ ਦੇ ਕਿਸਾਨਾਂ ਨੂੰ ਦੇਸ਼ ਵਿੱਚ ਝੋਨੇ ਦਾ ਸਭ ਤੋਂ ਵੱਧ ਭਾਅ ਮਿਲ ਰਿਹਾ ਹੈ। ਇਸ ਮੌਕੇ ਮਹਿਲਾ ਸਮ੍ਰਿਧੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ‘ਛੱਤੀਸਗੜ੍ਹ ਸਭਿਆਚਾਰਕ ਵਿਕਾਸ ਯੋਜਨਾ’ ਲਾਂਚ ਕਰਨ ਦਾ ਐਲਾਨ ਕੀਤਾ।