ਪੁਣੇ, 2 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਇੱਥੇ ਲੋਕਮਾਨਿਆ ਤਿਲਕ ਨੈਸ਼ਨਲ ਐਵਾਰਡ ਨਾਲ ਸਨਮਾਨ ਕੀਤਾ ਗਿਆ। ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦਾ ਨੀਤੀਆਂ ਤੇ ਮਿਹਨਤ ਵਿੱਚ ਵਿਸ਼ਵਾਸ ਦੁੱਗਣਾ ਹੋਇਆ ਹੈ।
ਸਮਾਗਮ ਵਿੱਚ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਜੇ ਬੇਵਿਸ਼ਵਾਸੀ ਦਾ ਮਾਹੌਲ ਹੋਵੇ ਤਾਂ ਵਿਕਾਸ ਨਹੀਂ ਕੀਤਾ ਸਕਦਾ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨੇ ਸਾਬਕਾ ਕੇਂਦਰੀ ਮੰਤਰੀ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਨਾਲ ਮੰਚ ਸਾਂਝਾ ਕੀਤਾ। ਮੋਦੀ ਨੇ ਬੇਵਿਸ਼ਵਾਸੀ ਤੋਂ ਲੈ ਕੇ ਦੁੱਗਣੇ ਵਿਸ਼ਵਾਸ ਸਬੰਧੀ ਭਾਰਤ ਦੇ ਸਫ਼ਰ ਬਾਰੇ ਚਾਨਣਾ ਪਾਇਆ। ਮੋਦੀ ਨੇ ਕੌਮਾਂਤਰੀ ਪੱਧਰ ’ਤੇ ਕਰਵਾਏ ਗਏ ਸਰਵੇਖਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਅਜਿਹਾ ਦੇਸ਼ ਹੈ ਜਿੱਥੇ ਲੋਕ ਆਪਣੀ ਸਰਕਾਰ ’ਤੇ ਸਭ ਤੋਂ ਵੱਧ ਭਰੋਸਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਭਾਰਤ ਦੇ ਲੋਕਾਂ ਨੇ ਵੱਡੇ ਸੁਧਾਰਾਂ ਨੂੰ ਮੁਮਕਿਨ ਬਣਾਇਆ ਹੈ। ਭਾਰਤੀਆਂ ਨੇ ਵਿਸ਼ਵ ਭਰ ਵਿੱਚੋਂ ਦੇਸ਼ ਨੂੰ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਮਾਨਿਆ ਤਿਲਕ ਆਜ਼ਾਦ ਪ੍ਰੈੱਸ ਦੀ ਮਹੱਤਤਾ ਸਮਝਦੇ ਸਨ। ਉਨ੍ਹਾਂ ਨੇ ਆਜ਼ਾਦੀ ਦੇ ਘੋਲ ਦੀ ਦਿਸ਼ਾ ਬਦਲ ਕੇ ਰੱਖ ਦਿੱਤੀ ਸੀ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ‘ਭਾਰਤੀ ਬੇਚੈਨੀ ਦਾ ਪਿਤਾਮਾ’ ਗਰਦਾਨਿਆ ਸੀ। ਜੇ ਵਿਦੇਸ਼ੀ ਘੁਸਪੈਠੀਆਂ ਦੇ ਨਾਮ ’ਤੇ ਰੱਖੀ ਗਈ ਸੜਕ ਦਾ ਨਾਂ ਬਦਲ ਦਿੱਤਾ ਜਾਂਦਾ ਹੈ ਤਾਂ ਕੁਝ ਲੋਕ ਅਸਹਿਜ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਮਾਨਿਆ ਤਿਲਕ ਦੇ ਨਾਮ ਵਾਲਾ ਪੁਰਸਕਾਰ ਪ੍ਰਾਪਤ ਕਰ ਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ,‘ਜਦੋਂ ਕਿਸੇ ਪੁਰਸਕਾਰ ਦਾ ਨਾਮ ਲੋਕਮਾਨਿਆ ਦੇ ਨਾਮ ’ਤੇ ਰੱਖਿਆ ਜਾਂਦਾ ਹੈ ਤਾਂ ਜ਼ਿੰਮੇਵਾਰੀ ਵਧ ਜਾਂਦੀ ਹੈ। ਮੋਦੀ ਨੇ ਕਿਹਾ ਕਿ ਕਰਨਾਟਕ ਵਿੱਚ ਕਾਂਗਰਸ ਸੁਆਰਥੀ ਹਿੱਤਾਂ ਲਈ ਸੂਬੇ ਦਾ ਖਜ਼ਾਨਾ ‘ਖਾਲੀ’ ਕਰ ਰਹੀ ਹੈ।