ਨਵੀਂ ਦਿੱਲੀ, 16 ਮਈ
ਕੇਂਦਰ ਨੇ ਭ੍ਰਿਸ਼ਟਾਚਾਰ ਰੋਕੂ ਲੋਕਪਾਲ ਦੇ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਮੌਜੂਦਾ ਲੋਕਪਾਲ ਜਸਟਿਸ ਪਿਨਾਕੀ ਚੰਦਰ ਘੋਸ਼ ਦਾ ਕਾਰਜਕਾਲ ਇਸ ਮਹੀਨੇ ਦੇ ਅਖ਼ੀਰ ਤੱਕ ਪੂਰਾ ਹੋ ਜਾਵੇਗਾ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਲੋਕਪਾਲ ਦੀ ਅਗਵਾਈ ਚੇਅਰਪਰਸਨ ਵੱਲੋਂ ਕੀਤੀ ਜਾਂਦੀ ਹੈ ਅਤੇ ਇਸ ਦੇ ਅੱਠ ਮੈਂਬਰ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਚਾਰ ਜੂਡੀਸ਼ੀਲ ਤੋਂ ਹੁੰਦੇ ਹਨ। ਲੋਕਪਾਲ ਦੇ ਇਸ ਸਮੇਂ ਛੇ ਮੈਂਬਰ ਹਨ ਅਤੇ ਦੋ ਜੂਡੀਸ਼ੀਲ ਮੈਂਬਰਾਂ ਦੀਆਂ ਅਸਾਮੀਆਂ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਖ਼ਾਲੀ ਹਨ। ਲੋਕਪਾਲ ਕਾਨੂੰਨ 2013 ਵਿੱਚ ਬਣਾਇਆ ਗਿਆ ਸੀ। ਇਸ ਕਾਨੂੰਨ ਤਹਿਤ ਲੋਕ ਸੇਵਕਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੀ ਜਾਂਚ ਲਈ ਕੇਂਦਰ ਵੱਲੋਂ ਲੋਕਪਾਲ ਅਤੇ ਸੂਬਾ ਸਰਕਾਰਾਂ ਵੱਲੋਂ ਲੋਕਾਯੁਕਤ ਨਿਯੁਕਤ ਕੀਤੇ ਜਾਂਦੇ ਹਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 23 ਮਾਰਚ 2019 ਨੂੰ ਜਸਟਿਸ ਘੋਸ਼ ਨੂੰ ਲੋਕਪਾਲ ਦੇ ਚੇਅਰਪਰਸਨ ਵਜੋਂ ਸਹੁੰ ਚੁਕਾਈ ਸੀ। ਇੱਕ ਅਧਿਕਾਰੀ ਨੇ ਕਿਹਾ, ‘‘ਜਸਟਿਸ ਘੋਸ਼ ਆਪਣਾ ਕਾਰਜਕਾਲ 27 ਮਈ ਨੂੰ ਮੁਕੰਮਲ ਕਰ ਲੈਣਗੇ। ਲੋਕਪਾਲ ਦੇ ਨਵੇਂ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।’’