ਪੰਜਾਬ ਦੇ ਨਵੇਂ ਬਣੇ ਪੰਚ ਸਰਪੰਚ ਆਪਣੇ ਪਿੰਡਾਂ ਨੂੰ ਨਸ਼ੇ ਤੋਂ ਦੂਰ ਰੱਖਣ- ਭਗਵੰਤ ਮਾਨ
ਪੰਚਾਇਤਾਂ ਸਾਰੇ ਫੈਸਲੇ ਤੇ ਮਤੇ ਲੋਕਾਂ ਨੂੰ ਨਾਲ ਲੈ ਕੇ ਕਰਨ-ਕੇਜਰੀਵਾਲ
ਲੁਧਿਆਣਾ/ਬਲਬੀਰ ਸਿੰਘ ਬੱਬੀ
ਪਿਛਲੇ ਦਿਨੀ ਸਮੁੱਚੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਕੇ ਹਟੀਆਂ ਹਨ ਜਿਨਾਂ ਦੇ ਵਿੱਚ ਨਵੇਂ ਪੰਚ ਸਰਪੰਚ ਚੁਣੇ ਗਏ ਪੰਜਾਬ ਸਰਕਾਰ ਨੇ ਨਵੇਂ ਚੁਣੇ ਸਰਪੰਚਾਂ ਨੂੰ ਸਰਕਾਰੀ ਤੌਰ ਉੱਤੇ ਸਹੁੰ ਚੁਕਾਉਣ ਦਾ ਇੱਕ ਵੱਡਾ ਸਮਾਗਮ ਜਿਲਾ ਲੁਧਿਆਣਾ ਦੇ ਵਿੱਚ ਸਾਈਕਲ ਵੈਲੀ ਦੇ ਧਨਾਨਸੂ ਵਿੱਚ ਕੀਤਾ ਗਿਆ। ਕਈ ਦਿਨਾਂ ਤੋਂ ਇਸ ਸਮਾਗਮ ਦੀਆਂ ਤਿਆਰੀਆਂ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਉੱਤੇ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਆਰੰਭੀਆਂ ਜਾ ਰਹੀਆਂ ਸਨ। ਅੱਜ ਵੱਡੀ ਗਿਣਤੀ ਵਿੱਚ ਸਮੁੱਚੇ ਹੀ ਪੰਜਾਬ ਤੋਂ 10 ਹਜਾਰ ਦੇ ਕਰੀਬ ਸਰਪੰਚ ਆਪਣੇ ਸਾਥੀਆਂ ਸਮੇਤ ਇਸ ਸਮਾਗਮ ਦੇ ਵਿੱਚ ਪੁੱਜੇ। ਪ੍ਰੋਗਰਾਮ ਦੀ ਸ਼ੁਰੂਆਤ ਦਰਮਿਆਨ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਆਏ ਹੋਏ ਪੰਚਾਂ ਸਰਪੰਚਾਂ ਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਸਾਰੇ ਮੰਤਰੀਆਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਆਏ ਹੋਏ ਪੰਚਾਂ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤ ਚੋਣ ਲੜਨੀ ਐਮ ਐਲ ਏ, ਐਮ ਪੀ ਨਾਲੋਂ ਵੀ ਵੱਡੀ ਹੁੰਦੀ ਹੈ। ਕਿਉਂਕਿ ਪੰਜਾਬ ਪਿੰਡਾਂ ਦੇ ਜੋ ਮਸਲੇ ਹਨ ਉਹ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਤੇ ਜੋ ਪੰਚ ਸਰਪੰਚ ਖੜਾ ਹੁੰਦਾ ਹੈ ਉਸ ਨੂੰ ਵੀ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਕਿਹੋ ਜਿਹਾ ਹੈ। ਬਾਕੀ ਪਿੰਡਾਂ ਦੇ ਲੋਕ ਨਿੱਜੀ ਗਰਜਾਂ ਦੇ ਵਿੱਚ ਬੱਝ ਕੇ ਪੰਚ ਸਰਪੰਚ ਲਈ ਵੋਟਾਂ ਪਾਉਂਦੇ ਹਨ ਤੇ ਇਸ ਤਰ੍ਹਾਂ ਪਿੰਡਾਂ ਦੇ ਵਿੱਚੋਂ ਲੋਕਤੰਤਰ ਦੀ ਪ੍ਰਣਾਲੀ ਪੰਚਾਇਤਾਂ ਰਾਹੀਂ ਸ਼ੁਰੂ ਹੁੰਦੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਪੰਚ ਸਰਪੰਚ ਚੁਣ ਕੇ ਆਏ ਹਨ ਮੈਂ ਸਭਨਾਂ ਨੂੰ ਵਧਾਈ ਦਿੰਦਾ ਹਾਂ ਤੇ ਪੰਜਾਬ ਸਰਕਾਰ ਨੇ ਇਹ ਵੱਡਾ ਸਮਾਗਮ ਉਨਾਂ ਦੇ ਮਾਣ ਸਨਮਾਨ ਵਿੱਚ ਰੱਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਨੇਕਾਂ ਸਮੱਸਿਆਵਾਂ ਹਨ ਜਿਨਾਂ ਦਾ ਸਿੱਧਾ ਸਬੰਧ ਪਿੰਡਾਂ ਨਾਲ ਹੈ ਇਸ ਲਈ ਜੇਕਰ ਪਿੰਡਾਂ ਵਿੱਚ ਸੁਧਾਰ ਹੋਵੇਗਾ ਤਾਂ ਫਿਰ ਪੰਜਾਬ ਆਪਣੇ ਆਪ ਹੀ ਸੁਧਰ ਜਾਵੇਗਾ ਉਹਨਾਂ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਪ੍ਰਮੁੱਖ ਤੌਰ ਉੱਤੇ ਵੱਡੀ ਸਮੱਸਿਆ ਨਸ਼ਿਆਂ ਦੀ ਬਣੀ ਹੋਈ ਹੈ। ਜਿਹੜੇ ਨਵੇਂ ਪੰਚ ਸਰਪੰਚ ਚੁਣੇ ਗਏ ਹਨ ਉਹ ਆਪੋ ਆਪਣੇ ਪਿੰਡਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਵਿਸ਼ੇਸ਼ ਉਪਰਾਲਾ ਕਰ ਸਕਦੇ ਹਨ ਇਸ ਲਈ ਪੰਚਾਂ ਸਰਪੰਚਾਂ ਦੀ ਪੰਜਾਬ ਦੇ ਪਿੰਡਾਂ ਨੂੰ ਨਸ਼ੇ ਤੋਂ ਬਚਾਉਣ ਦੀ ਜਿੰਮੇਵਾਰੀ ਹੈ ਤੇ ਉਹਨਾਂ ਦਾ ਫਰਜ਼ ਬਣਦਾ ਹੈ ਉਹ ਇਸ ਜਿੰਮੇਵਾਰੀ ਨੂੰ ਨਿਭਾਉਣ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਿੰਡਾਂ ਵਿੱਚੋਂ ਹੀ ਸਭ ਕੁਝ ਚਲਦਾ ਹੈ। ਅਸੀਂ ਦੇਖ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਵਾਤਾਵਰਣ ਪ੍ਰਤੀ ਕਾਫੀ ਕੰਮ ਖਰਾਬ ਹੈ ਪਿੰਡਾਂ ਦੇ ਵਿੱਚੋਂ ਦਰਖ਼ਤ ਬਹੁਤ ਘੱਟ ਗਏ ਹਨ ਇਸ ਲਈ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਵਾਤਾਵਰਣ ਸਬੰਧੀ ਯੋਜਨਾਵਾਂ ਬਣਾ ਰਹੀ ਹੈ ਤੇ ਇਹਨਾਂ ਯੋਜਨਾਵਾਂ ਦੇ ਵਿੱਚ ਪਿੰਡ ਦੇ ਪੰਚਾਂ ਸਰਪੰਚਾਂ ਤੇ ਆਮ ਲੋਕਾਂ ਦਾ ਵਿਸ਼ੇਸ਼ ਰੋਲ ਹੋਵੇਗਾ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਲਈ ਖੁੱਲੀ ਗਰਾਂਟਾਂ ਦਿੱਤੀਆਂ ਜਾਣਗੀਆਂ। ਇਹ ਪੱਖਪਾਤ ਨਹੀਂ ਰੱਖਿਆ ਜਾਵੇਗਾ ਕਿ ਇਹ ਸਰਪੰਚ ਕਿਹੜੀ ਪਾਰਟੀ ਨਾਲ ਹੈ ਇਸ ਨੂੰ ਇਸ ਲਈ ਗਰਾਂਟ ਨਹੀਂ ਦਿੱਤੀ ਜਾਣੀ ਅਜਿਹਾ ਨਹੀਂ ਹੋਵੇਗਾ। ਪਿਛਲੇ ਸਿਆਸਤਦਾਨਾਂ ਨੇ ਇਹ ਸਭ ਕੁਝ ਕੀਤਾ ਹੈ ਪਰ ਅਸੀਂ ਇਸ ਰਸਤੇ ਨਹੀਂ ਪਵਾਂਗੇ। ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਕੋਈ ਵੀ ਚੋਣ ਹੋਵੇ ਉਸ ਵਿੱਚ ਜਿੱਤ ਹਾਰ ਤਾਂ ਹੁੰਦੀ ਹੀ ਹੈ ਪਿੰਡਾਂ ਦੇ ਵਿੱਚ ਪੰਚ ਸਰਪੰਚ ਜਿੱਤੇ ਹਾਰੇ ਹਨ। ਪਿੰਡਾਂ ਦੇ ਵਿੱਚ ਆਪਸੀ ਭਾਈਚਾਰਕ ਏਕਾ ਬਹੁਤ ਜਰੂਰੀ ਹੈ ਉਹਨਾਂ ਨੇ ਇਸ ਸਮਾਗਮ ਦੇ ਵਿੱਚ ਮਜ਼ਾਕੀਆ ਗੱਲਾਂ ਬਾਤਾਂ ਕਰਕੇ ਵੀ ਲੋਕਾਂ ਨੂੰ ਹਸਾਇਆ।
ਮੁੱਖ ਮੰਤਰੀ ਦੇ ਸੰਬੋਧਨ ਤੋਂ ਬਾਅਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੋ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਉੱਤੇ ਸ਼ਾਮਿਲ ਹੋਏ ਸਨ ਜਿਨਾਂ ਨੇ ਸਰਪੰਚਾਂ ਨੂੰ ਸਹੁੰ ਚੁਕਾਉਣੀ ਸੀ ਉਹਨਾਂ ਨੇ ਵੀ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਪਿੰਡਾਂ ਦੇ ਨਵੇਂ ਚੁਣੇ ਪੰਚ ਸਰਪੰਚ ਵਧਾਈ ਦੇ ਪਾਤਰ ਹਨ ਜੋ ਲੋਕਾਂ ਨੇ ਚੁਣ ਕੇ ਭੇਜੇ ਹਨ ਉਹਨਾਂ ਕਿਹਾ ਕਿ ਮੇਰੀ ਨਵੇਂ ਪੰਚ ਸਰਪੰਚਾਂ ਨੂੰ ਇਹ ਸਲਾਹ ਹੈ ਕਿ ਜੇਕਰ ਤੁਸੀਂ ਪਿੰਡ ਦੇ ਕੋਈ ਵੀ ਫੈਸਲੇ ਕਰਨੇ ਹਨ ਤਾਂ ਉਹ ਅੰਦਰ ਬੈਠ ਕੇ ਨਹੀਂ ਪੰਚਾਂ ਸਰਪੰਚਾਂ ਤੇ ਪਿੰਡਾਂ ਦੇ ਆਮ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇਕੱਤਰ ਹੋ ਕੇ ਚੰਗੇ ਫੈਸਲੇ ਕੀਤੇ ਜਾਣ ਜੋ ਪਿੰਡਾਂ ਦੇ ਵਿਕਾਸ ਦੇ ਪੱਖ ਵਿੱਚ ਹੋਣ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗ੍ਰਾਮ ਸਭਾ ਦੀ ਤਾਕਤ ਪੰਚਾਇਤ ਨਾਲੋਂ ਵੀ ਵੱਧ ਹੁੰਦੀ ਹੈ ਇਸ ਲਈ ਸਾਲ ਵਿੱਚ ਦੋ ਵਾਰ ਗ੍ਰਾਮ ਸਭਾ ਹਰ ਪਿੰਡ ਵਿੱਚ ਹੋਣੀ ਜਰੂਰੀ ਹੈ ਤੇ ਮੈਂ ਮੁੱਖ ਮੰਤਰੀ ਨੂੰ ਇਸ ਸਬੰਧ ਦੇ ਵਿੱਚ ਵਿਸ਼ੇਸ਼ ਤੌਰ ਉੱਤੇ ਸਲਾਹ ਦੇਵਾਂਗਾ ਕਿ ਉਹ ਗ੍ਰਾਮ ਸਭਾ ਦੇ ਸਬੰਧੀ ਵਿਸ਼ੇਸ਼ ਤੌਰ ਉਤੇ ਦਿਲਚਸਪੀ ਵੀ ਲੈਣ ਤਾਂ ਕਿ ਪੰਜਾਬ ਦੇ ਪਿੰਡਾਂ ਦੀ ਵਿਕਾਸ ਤੇ ਦਸ਼ਾ ਨੂੰ ਬਦਲਿਆ ਜਾ ਸਕੇ।
ਅਖੀਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਏ ਹੋਏ ਸਰਪੰਚਾਂ ਨੂੰ ਸਰਕਾਰੀ ਤੌਰ ਉੱਤੇ ਸਹੁੰ ਦਾ ਹਲਫ ਚੁਕਾਇਆ ਮੁੱਖ ਮੰਤਰੀ ਨੇ ਸਟੇਜ ਤੋਂ ਸੋਹ ਚੁੱਕ ਸਮਾਗਮ ਸਬੰਧੀ ਪੱਤਰ ਪੜਿਆ ਤੇ ਪੰਡਾਲ ਵਿੱਚ ਇਕੱਤਰ ਹੋਏ ਸਰਪੰਚਾਂ ਨੇ ਖੜੇ ਹੋ ਕੇ ਸਰਪੰਚੀ ਦਾ ਹਲਫ ਲਿਆ। ਇਸ ਮੌਕੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਮੈਂਬਰ ਪਾਰਲੀਮੈਂਟ ਸਾਰੇ ਕੈਬਨਿਟ ਮੰਤਰੀ ਐਮ ਐਲ ਏ ਤੇ ਹੋਰ ਅਹੁਦੇਦਾਰ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਇਸ ਮੌਕੇ ਸਖਤ ਸੁਰੱਖਿਆ ਪ੍ਰਬੰਧਾਂ ਤੇ ਵੱਡੇ ਇਕੱਠ ਕਾਰਨ ਲੋਕਾਂ ਨੂੰ ਅਨੇਕਾਂ ਊਣਤਾਈਆਂ ਵੀ ਝੱਲਣੀਆਂ ਪਈਆਂ ਅਜਿਹੇ ਮਾਹੌਲ ਦੇ ਵਿੱਚ ਅੱਜ ਸਰਪੰਚਾਂ ਦਾ ਚੁੱਕ ਸਮਾਗਮ ਪੂਰਾ ਹੋਇਆ।