ਲੁਧਿਆਣਾ: ਲੁਧਿਆਣਾ ਪੂਰਬੀ ਖੇਤਰ ’ਚ ਸਤਲੁਜ ਦਰਿਆ ’ਤੇ ਬਣਿਆ ਸਸਰਾਲੀ ਬੰਨ੍ਹ ਹੜ੍ਹ ਦੇ ਖਤਰੇ ਦੀ ਲਪੇਟ ’ਚ ਹੈ। ਸਤਲੁਜ ਦਰਿਆ ਦੇ ਤੇਜ਼ ਵਹਾਅ ਕਾਰਨ ਬੰਨ੍ਹ ਕਮਜ਼ੋਰ ਹੁੰਦਾ ਜਾ ਰਿਹਾ ਹੈ, ਪਰ ਹਾਲੇ ਸਥਿਤੀ ਕੰਟਰੋਲ ’ਚ ਹੈ। ਪ੍ਰਸ਼ਾਸਨ, ਫੌਜ, NDRF ਅਤੇ ਸਥਾਨਕ ਲੋਕ ਮਿਲ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੇ ਹਨ। ਜੇ ਬੰਨ੍ਹ ਟੁੱਟਿਆ ਤਾਂ 20-25 ਪਿੰਡਾਂ ਅਤੇ ਲੁਧਿਆਣਾ ਸ਼ਹਿਰ ’ਚ ਪਾਣੀ ਭਰਨ ਦਾ ਖਦਸ਼ਾ ਹੈ।
ਪ੍ਰਸ਼ਾਸਨ ਦਾ ਜੰਗੀ ਪੱਧਰ ’ਤੇ ਕੰਮ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸ਼ੁੱਕਰਵਾਰ (5 ਸਤੰਬਰ 2025) ਨੂੰ ਮੌਕੇ ’ਤੇ ਪਹੁੰਚ ਕੇ ਬੰਨ੍ਹ ਦੀ ਮੁਰੰਮਤ ਅਤੇ ਸੁਰੱਖਿਆ ਕਾਰਜਾਂ ਦਾ ਜਾਇਜ़ਾ ਲਿਆ। ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾਂ ’ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।
ਸ਼ੁੱਕਰਵਾਰ ਦੁਪਹਿਰ 3 ਵਜੇ ਪ੍ਰਸ਼ਾਸਨ ਵੱਲੋਂ ਜਾਰੀ ਵੀਡੀਓ ’ਚ DC ਨੇ ਸਪੱਸ਼ਟ ਕੀਤਾ ਕਿ ਹਾਲੇ ਤੱਕ ਬੰਨ੍ਹ ਨੁਕਸਾਨੇ ਜਾਣ ਦੀ ਕੋਈ ਖਬਰ ਨਹੀਂ ਹੈ। ਸਵੇਰੇ ਸਮੇਂ ਪ੍ਰਸ਼ਾਸਨ ਨੇ ਸਸਰਾਲੀ ਬੰਨ੍ਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਸੀ।
ਪ੍ਰਭਾਵਿਤ ਪਿੰਡਾਂ ਦੀ ਸੂਚੀ
ਬੰਨ੍ਹ ਟੁੱਟਣ ਦੀ ਸਥਿਤੀ ’ਚ ਸਸਰਾਲੀ, ਬੂੰਟ, ਰਾਵਤ, ਹਵਾਸ, ਸੀੜਾ, ਬੂਥਗੜ੍ਹ, ਮੰਗਲੀ ਟਾਂਡਾ, ਢੇਰੀ, ਖਵਾਜਕੇ, ਖਾਸੀ ਖੁਰਦ, ਮੰਗਲੀ ਕਾਦਰ, ਮੱਤੇਵਾੜਾ, ਮਾਂਗਟ ਅਤੇ ਮਿਹਰਬਾਨ ਸਮੇਤ 20-25 ਪਿੰਡ ਪਾਣੀ ਦੀ ਮਾਰ ਹੇਠ ਆ ਸਕਦੇ ਹਨ। ਨਾਲ ਹੀ, ਲੁਧਿਆਣਾ ਸ਼ਹਿਰ ’ਚ ਵੀ ਪਾਣੀ ਪਹੁੰਚਣ ਦਾ ਖਤਰਾ ਹੈ।
ਸਥਿਤੀ ’ਤੇ ਨਜ਼ਰ
ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਜੇ ਪਾਣੀ ਦਾ ਪੱਧਰ ਵਧਦਾ ਵੀ ਹੈ, ਤਾਂ ਵੀ ਬੰਨ੍ਹ ਦੀ ਮਜ਼ਬੂਤੀ ਬਣਾਈ ਰੱਖਣ ਲਈ ਲਗਾਤਾਰ ਕੰਮ ਜਾਰੀ ਹੈ। ਫੌਜ, NDRF ਅਤੇ ਸਥਾਨਕ ਲੋਕਾਂ ਦੀ ਸਾਂਝੀ ਕੋਸ਼ਿਸ਼ ਨਾਲ ਸਥਿਤੀ ਨੂੰ ਕਾਬੂ ’ਚ ਰੱਖਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।