ਸ਼ਨੀਵਾਰ ਸਵੇਰੇ ਲੁਧਿਆਣਾ ਤੋਂ ਦਿੱਲੀ ਵੱਲ ਜਾ ਰਹੀ ਗਰੀਬ ਰਥ ਟਰੇਨ ਵਿੱਚ ਸਰਹਿੰਦ ਨੇੜ੍ਹੇ ਸਾਧੂਗੜ੍ਹ ਕੋਲ ਅਚਾਨਕ ਅੱਗ ਲੱਗ ਗਈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ, ਕੋਚ ਨੰਬਰ 19 ਵਿੱਚ ਸ਼ਾਰਟ ਸਰਕਟ ਕਾਰਨ ਇਹ ਹਾਦਸਾ ਵਾਪਰਿਆ। ਟਰੇਨ ਵਿੱਚ ਲੁਧਿਆਣਾ ਦੇ ਕਈ ਵਪਾਰੀ ਵੀ ਸਫ਼ਰ ਕਰ ਰਹੇ ਸਨ। ਅੱਗ ਲੱਗਣ ਨਾਲ ਇੱਕ ਔਰਤ ਬੁਰੀ ਤਰ੍ਹਾਂ ਝੁਲਸ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਹਾਦਸੇ ਵਿੱਚ ਕੁਝ ਯਾਤਰੀਆਂ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ। ਲੋਕੋ ਪਾਇਲਟ ਨੇ ਫੌਰੀ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕ ਲਿਆ। ਟਰੇਨ ਰੁਕਦੇ ਹੀ ਯਾਤਰੀ ਆਪਣਾ ਸਮਾਨ ਲੈ ਕੇ ਤੇਜ਼ੀ ਨਾਲ ਬਾਹਰ ਨਿਕਲੇ, ਜਿਸ ਨਾਲ ਹੜ੍ਹਬੜੀ ਵਿੱਚ ਕਈ ਲੋਕ ਜ਼ਖਮੀ ਹੋ ਗਏ।
ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਅਤੇ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਨੂੰ ਕਾਬੂ ਕਰਨ ਲਈ ਯਤਨ ਸ਼ੁਰੂ ਕੀਤੇ। ਸਥਾਨਕ ਪੁਲਿਸ ਵੀ ਤੁਰੰਤ ਪਹੁੰਚ ਗਈ। ਰੇਲਵੇ ਕਰਮਚਾਰੀਆਂ ਨੇ ਸਥਿਤੀ ਨੂੰ ਸੰਭਾਲਿਆ ਅਤੇ ਰਾਹਤ ਕੰਮਾਂ ਨੂੰ ਅੱਗੇ ਵਧਾਇਆ। ਪੁਲਿਸ ਟੀਮਾਂ ਵੀ ਮੌਕੇ ‘ਤੇ ਮੌਜੂਦ ਰਹੀਆਂ। ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ ਗਿਆ।
ਸਰਹੰਦ ਜੀਆਰਪੀ ਦੇ ਐਸਐਚਓ ਰਤਨ ਲਾਲ ਨੇ ਕਿਹਾ ਕਿ ਜਿਵੇਂ ਹੀ ਬੋਗੀ ਵਿੱਚੋਂ ਧੂੰਆਂ ਨਿਕਲਦਾ ਵੇਖਿਆ ਗਿਆ, ਤਾਂ ਟਰੇਨ ਨੂੰ ਰੋਕ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਨਾਲ ਤਿੰਨ ਡੱਬੇ ਨੁਕਸਾਨੇ ਗਏ ਹਨ ਅਤੇ ਅੱਗ ਦੇ ਕਾਰਨਾਂ ਬਾਰੇ ਜਾਂਚ ਤੋਂ ਬਾਅਦ ਵੇਰਵੇ ਸਾਹਮਣੇ ਆਉਣਗੇ।