ਮੁੰਬਈ:ਬੌਲੀਵੁੱਡ ਅਦਾਕਾਰ ਬੌਬੀ ਦਿਓਲ ਨੂੰ ਇਹ ਗੱਲ ਮੰਨਣ ’ਚ ਕੋਈ ਝਿਜਕ ਨਹੀਂ ਕਿ ਉਸ ਨੇ ਕੁਝ ਫ਼ਿਲਮਾਂ ਲਈਆਂ ਹਨ। ਬੌਬੀ ਨੇ ਆਖਿਆ ਕਿ ਉਸ ਨੇ ਹਾਲ ਹੀ ਵਿੱਚ ‘ਹਾਊਸਫੁੱਲ-4 ਤੇ ਰੇਸ-3’ ਵਰਗੀਆਂ ਫ਼ਿਲਮਾਂ ਸਾਈਨ ਕੀਤੀਆਂ ਹਨ। ਉਸ ਨੇ ਕਿਹਾ ਕਿ ਲੋਕ ਆਉਣ ਤੇ ਫ਼ਿਲਮ ਦੇਖਣ ਅਤੇ ਯਾਦ ਰੱਖਣ ਕਿ ਉਹ ਵੀ ਮੌਜੂਦ ਹਨ। ਖ਼ਬਰ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਬੌਬੀ ਦਿਓਲ  ਨੇ ਆਖਿਆ,‘‘ਮੈਂ ਆਪਣੇ ਕਰੀਅਰ ਵਿੱਚ ਉਤਰਾਅ-ਚੜ੍ਹਾਅ ਦੇਖੇ ਹਨ। ਇਕ ਸਮਾਂ ਸੀ ਜਦੋਂ ਮੇਰੇ ਕੋਲ ਕੋਈ ਕੰਮ ਨਹੀਂ ਸੀ। ਜਦੋਂ ਅਜਿਹਾ ਭਾਣਾ ਵਾਪਰਦਾ ਹੈ ਤਾਂ ਤੁਸੀਂ ਅਜਿਹੇ ਪ੍ਰਾਜੈਕਟ ਲੱਭਦੇ ਹੋ ਜਿਸ ਵਿੱਚ ਬਹੁਤ ਸਾਰੇ ਅਦਾਕਾਰ ਹੋਣ। ਫਿਰ ਤੁਹਾਡਾ ਧਿਆਨ ‘ਰੇਸ-3 ਅਤੇ ਹਾਊਸਫੁੱਲ-4’ ਵਰਗੀਆਂ ਫ਼ਿਲਮਾਂ ’ਤੇ ਜਾਂਦਾ ਹੈ। ਮੇਰਾ ਮੰਨਣਾ ਹੈ ਕਿ ਜਿਸ ਫ਼ਿਲਮ ’ਚ ਸਿਨੇ ਜਗਤ ਦੇ ਵੱਡੇ ਸਿਤਾਰੇ ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਹੋਣ ਲੋਕ ਉਸ ਫ਼ਿਲਮ ਨੂੰ ਦੇਖਣ ਜ਼ਰੂਰ ਜਾਣਗੇ ਤੇ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਇਸ ਫ਼ਿਲਮ ਵਿਚ ਬੌਬੀ ਦਿਓਲ ਵੀ ਹੈ।’’ ਉਸ ਨੇ ਆਖਿਆ ਕਿ ਉਹ ਮੁੱਖ ਭੂਮਿਕਾ ਵਾਲੇ ਕਿਰਦਾਰ ਨਿਭਾਉਣ ਲਈ ਬਜ਼ਿੱਦ ਨਹੀਂ ਹੈ ਪਰ ਉਹ ਫ਼ਿਲਮ ਵਿੱਚ ਅਹਿਮ ਕਿਰਦਾਰ ਜ਼ਰੂਰ ਨਿਭਾਉਣਾ ਚਾਹੁੰਦਾ ਹੈ। 

ਅਦਾਕਾਰ ਨੇ ਆਖਿਆ,‘‘ਮੇਰੀ ਜ਼ਮੀਰ ਕਹਿੰਦੀ ਹੈ ਕਿ ਮੈਂ ਚੰਗੀਆਂ ਫ਼ਿਲਮਾਂ ਕਰਾਂ। ਮੈਨੂੰ ਕਿਸੇ ਵੀ ਫ਼ਿਲਮ ’ਚ ਮੁੱਖ ਕਿਰਦਾਰ ’ਚ ਨਜ਼ਰ ਆਉਣ ਦੀ ਲੋੜ ਨਹੀਂ ਹੈ। ਮੈਨੂੰ ਅਜਿਹਾ ਕਿਰਦਾਰ ਨਿਭਾਉਣ ਦੀ ਲੋੜ ਹੈ ਜੋ ਦਰਸ਼ਕਾਂ ਦਾ ਧਿਆਨ ਖਿੱਚੇ ਅਤੇ ਮੈਂ ਭਵਿੱਖ ਵਿਚ ਅਜਿਹੀਆਂ ਫ਼ਿਲਮਾਂ ’ਚ ਕੰਮ ਕਰਨ ਬਾਰੇ ਹੀ ਸੋਚ ਰਿਹਾ ਹਾਂ। ਅਦਾਕਾਰ ਹੋਣ ਦੇ ਨਾਤੇ ਆਪਣੀ ਲੀਕ ਤੋਂ ਹੱਟ ਕੇ ਕਿਰਦਾਰ ਨਿਭਾਉਣਾ ਬਹੁਤ ਚੁਣੌਤੀਪੂਰਨ ਹੈ।’’ ਮੁਕਾਬਲੇਬਾਜ਼ੀ ਬਾਰੇ ਗੱਲਬਾਤ ਕਰਦਿਆਂ ਉਸ ਨੇ ਆਖਿਆ ਕਿ ਤੁਹਾਨੂੰ ਖੁਦ ਨਾਲ ਖੜ੍ਹਨ ਦੀ ਲੋੜ ਹੈ। ਜਾਣਕਾਰੀ ਅਨੁਸਾਰ ਓਟੀਟੀ ਪਲੈਟਫਾਰਮ ’ਤੇ ਆਈ ਬੌਬੀ ਦਿਓਲ ਦੀ ਵੈੱਬਸੀਰੀਜ਼ ‘ਆਸ਼ਰਮ’ ਬਹੁਤ ਪ੍ਰਸਿੱਧ ਹੋਈ ਹੈ। ਉਸ ਨੇ ਆਖਿਆ,‘‘ਮੁਕਾਬਲਾ ਹਮੇਸ਼ਾ ਹੀ ਹੁੰਦਾ ਹੈ। ਜੇਕਰ ਤੁਸੀਂ ਆਪਣੇ ਬਾਰੇ ਨਹੀਂ ਬੋਲਦੇ ਤਾਂ ਲੋਕ ਤੁਹਾਨੂੰ ਦੇਖਣਗੇ ਨਹੀਂ। ਅਦਾਕਾਰ ਹੋਣ ਦੇ ਨਾਤੇ ਤੁਹਾਨੂੰ ਪੂਰੀ ਵਾਹ ਲਾਉਣੀ ਪਵੇਗੀ। ਖੁਦ ਨੂੰ ਹਲਕੇ ਵਿਚ ਨਾ ਲਓ। ਚੰਗਾ ਕੰਮ ਹਮੇਸ਼ਾਂ ਰੰਗ ਲਿਆਉਂਦਾ ਹੈ।