ਓਨਟਾਰੀਓ, 22 ਮਾਰਚ : ਘੱਟ ਊਰਜਾ ਦੀ ਖਪਤ ਵਾਲੇ ਲਾਈਟ ਬਲਬ ਖਰੀਦਣ ਤੇ ਹੋਰ ਛੋਟਾਂ ਆਦਿ ਨੂੰ ਫੋਰਡ ਸਰਕਾਰ ਵੱਲੋਂ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਫੋਰਡ ਸਰਕਾਰ ਹੁਣ ਸਾਬਕਾ ਲਿਬਰਲ ਪ੍ਰਸ਼ਾਸਨ ਦੀ ਹਾਈਡਰੋ ਯੋਜਨਾ ਵਿੱਚ ਤਬਦੀਲੀਆਂ ਕਰਨ ਦਾ ਮਨ ਬਣਾਈ ਬੈਠੀ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਇਹ ਸੰਕੇਤ ਵੀ ਦਿੱਤਾ ਗਿਆ ਹੈ ਕਿ ਬਿਜਲੀ ਦੀਆਂ ਦਰਾਂ ਮਹਿੰਗਾਈ ਦੀ ਦਰ ਦੇ ਮੁਤਾਬਕ ਹੀ ਰੱਖੀਆਂ ਜਾਣਗੀਆਂ।
ਊਰਜਾ ਮੰਤਰੀ ਗ੍ਰੈੱਗ ਰਿੱਕਫੋਰਡ ਨੇ ਆਖਿਆ ਕਿ ਫਿਕਸਿੰਗ ਦ ਹਾਈਡਰੋ ਮੈੱਸ ਐਕਟ ਨੂੰ ਵੀਰਵਾਰ ਨੂੰ ਪੇਸ਼ ਕੀਤਾ ਗਿਆ ਤੇ ਇਸ ਨਾਲ ਅਗਲੇ ਤਿੰਨ ਸਾਲਾਂ ਵਿੱਚ ਸਰਕਾਰ ਨੂੰ 442 ਮਿਲੀਅਨ ਡਾਲਰ ਦੀ ਬਚਤ ਹੋਵੇਗੀ। ਇਸ ਦੌਰਾਨ ਬਿਜਲੀ ਦੀ ਬਚਤ ਸਬੰਧੀ ਸਾਬਕਾ ਲਿਬਰਲ ਸਰਕਾਰ ਵੱਲੋਂ ਚਲਾਏ ਜਾਣ ਵਾਲੇ ਕਈ ਪ੍ਰੋਗਰਾਮਾਂ ਵਿੱਚ ਕਟੌਤੀ ਕੀਤੀ ਜਾਵੇਗੀ। ਫੋਰਡ ਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ਉੱਤੇ 25 ਫੀ ਸਦੀ ਦੀ ਕੀਤੀ ਜਾਣ ਵਾਲੀ ਬਚਤ ਨੂੰ ਵੀ ਬਰਕਰਾਰ ਰੱਖਿਆ ਜਾਵੇਗਾ।
ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼ਰੇਨਰ ਨੇ ਆਖਿਆ ਕਿ ਹਾਈਡਰੋ ਦਰਾਂ ਵਿੱਚ ਕਟੌਤੀ ਦੀ ਯੋਜਨਾ ਨੂੰ ਨਵੇਂ ਢੰਗ ਨਾਲ ਪੇਸ਼ ਕਰ ਰਹੇ ਹਨ ਕੰਜ਼ਰਵੇਟਿਵ। ਉਨ੍ਹਾਂ ਆਖਿਆ ਕਿ ਬਿਜਲੀ ਦੀ ਬਚਤ ਕਰਨਾ ਬਿਜਲੀ ਪੈਦਾ ਕਰਨ ਨਾਲੋਂ ਸਸਤਾ ਪੈਂਦਾ ਹੈ, ਇਹ ਗੱਲ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੂੰ ਸਮਝਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਬਸਿਡੀਆਂ ਨਾਲ ਅਮੀਰਾਂ ਨੂੰ ਹੀ ਜਿ਼ਆਦਾ ਫਾਇਦਾ ਹੋਵੇਗਾ ਕਿਉਂਕਿ ਅਮੀਰ ਲੋਕ ਹੀ ਵਧੇਰੇ ਬਿਜਲੀ ਦੀ ਖਪਤ ਕਰਦੇ ਹਨ।