ਬਠਿੰਡਾ, ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗਾਂ ਲਾ ਰਹੇ ਹਨ, ਜਿਸ ਵਜੋਂ ਧੂੰਆਂ ਸਰਹੱਦ ਟੱਪ ਆਇਆ ਹੈ। ਕੌਮਾਂਤਰੀ ਸੀਮਾ ’ਤੇ ਪੈਂਦੇ ਪੰਜਾਬ (ਭਾਰਤ) ਦੇ ਪਿੰਡ ਧੂੰਏ ਦੀ ਮਾਰ ਝੱਲ ਰਹੇ ਹਨ। ਭਾਵੇਂ ਹੁਣ ਪੰਜਾਬ ਤੇ ਹਰਿਆਣਾ ਪ੍ਰਦੂਸ਼ਣ ਦੇ ਮਾਮਲੇ ਨੂੰ ਲੈ ਕੇ ਕਟਹਿਰੇ ’ਚ ਖੜ੍ਹੇ ਹਨ ਪ੍ਰੰਤੂ ਲਹਿੰਦੇ ਪੰਜਾਬ ਦੇ ਕਿਸਾਨਾਂ ਦਾ ਜੁਰਮ ਵੀ ਕੋਈ ਘੱਟ ਨਹੀਂ। ਪੰਜਾਬ ਰਿਮੋਟ ਸੈਨਸਿੰਗ ਸੈਂਟਰ ਵੱਲੋਂ ਜੋ ਸੈਟੇਲਾਈਟ ਰਿਪੋਰਟ ਹਾਸਲ ਕੀਤੀ ਗਈ ਹੈ, ਉਸ ’ਚ ਤਸਵੀਰ ਉਭਰੀ ਹੈ ਕਿ ਪਾਕਿਸਤਾਨੀ ਪੰਜਾਬ ਦੇ ਖੇਤਾਂ ਵਿੱਚ ਪਰਾਲੀ ਜਲਾਈ ਜਾ ਰਹੀ ਹੈ। ਲੰਘੇ ਦੋ ਦਿਨ ਤਾਂ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਥੋੜਾ ਗੁਬਾਰ ਜੇਹਾ ਵੀ ਬਣਿਆ ਹੋਇਆ ਸੀ। ਪਾਕਿਸਤਾਨ ’ਚ ਅਗੇਤਾ ਝੋਨਾ ਲੱਗਦਾ ਹੈ। ਸੈਟੇਲਾਈਟ ਰਿਪੋਰਟ ਅਨੁਸਾਰ ਲਾਹੌਰ, ਬਸ਼ਿਆਰਪੁਰ, ਹਵਾਲੀ ਲੱਖਾ ਤੇ ਬਹਾਵਲਪੁਰ ਪੱਟੀ ਦੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਏ ਜਾਣ ਦੀ ਤਸਵੀਰ ਸਾਹਮਣੇ ਆਈ ਹੈ। ਇੱਧਰ, ਪੰਜਾਬ ’ਚ ਝੋਨੇ ਦੀ ਕਟਾਈ ਵੀ ਸ਼ੁਰੂ ਹੋ ਗਈ ਹੈ ਪਰ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਵਾਢੀ ਦਾ ਕੰਮ 10 ਦਿਨਾਂ ਤੱਕ ਸ਼ੁਰੂ ਹੋਵੇਗਾ, ਕਿਉਂਕਿ ਸੀਮਾ ਲਾਗਲੇ ਖੇਤਾਂ ਵਿਚ ਬਾਸਮਤੀ ਦੀ ਜ਼ਿਆਦਾ ਬਿਜਾਂਦ ਹੈ। ਕੌਮਾਂਤਰੀ ਸੀਮਾ ਦੇ ਨੇੜੇ ਪੈਂਦੇ ਪਿੰਡ ਮੁਹਾਰ ਜਸ਼ਮੇਰ ਦੇ ਸਾਬਕਾ ਸਰਪੰਚ ਛੀਨਾ ਸਿੰਘ ਦਾ ਕਹਿਣਾ ਸੀ ਕਿ ਲੰਘੇ ਦੋ ਦਿਨ ਤਾਂ ਪਾਕਿਸਤਾਨੀ ਖੇਤਾਂ ਵਿਚ ਕਾਫ਼ੀ ਅੱਗਾਂ ਲੱਗੀਆਂ ਸਨ ਅਤੇ ਧੂੰਆਂ ਹੀ ਧੂੰਆਂ ਦਿਖਦਾ ਸੀ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਪਿੰਡ ਵਲੀ ਮੁਹੰਮਦ ਅਤੇ ਯੂਸਫਕੇ ਤਰਫੋਂ ਕਾਫ਼ੀ ਧੂੰਆਂ ਆਇਆ ਅਤੇ ਇੱਧਰ ਨੂੰ ਹਵਾ ਚੱਲਦੀ ਹੋੋਣ ਦੀ ਸੂਰਤ ਵਿਚ ਧੂੰਆਂ ਕਾਫ਼ੀ ਮਹਿਸੂਸ ਹੁੰਦਾ ਹੈ। ਇਹ ਵੀ ਦੱਸਿਆ ਕਿ ਫਾਜ਼ਿਲਕਾ ਵਿਚ ਹਾਲੇ ਝੋਨੇ ਦੀ ਕਟਾਈ ਸ਼ੁਰੂ ਨਹੀਂ ਹੋਈ ਹੈ। ਇਵੇਂ ਹੀ ਫਾਜ਼ਿਲਕਾ ਦੇ ਪਿੰਡ ਗੱਟੀ ਨੰਬਰ ਇੱਕ ਜੋ ਸੀਮਾ ਦੇ ਬਿਲਕੁਲ ਲਾਗੇ ਹੈ, ਦੇ ਕਿਸਾਨ ਕਾਲਾ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਖੇਤਾਂ ਵਿਚ ਅਗੇਤਾ ਝੋਨਾ ਲੱਗਦਾ ਹੈ ਅਤੇ ਅੱਗਾਂ ਲਾਉਣ ਦਾ ਕੰਮ ਵੀ ਅਗੇਤਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਵਿਚ ਕਾਫ਼ੀ ਗੁਬਾਰ ਉਧਰਲੇ ਪਾਸਿਓਂ ਚੜ੍ਹਿਆ ਸੀ। ਸੂਤਰ ਦੱਸਦੇ ਹਨ ਕਿ ਕੌਮਾਂਤਰੀ ਸੀਮਾ ਲਾਗਲੇ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਪਿੰਡਾਂ ਦੇ ਕਿਸਾਨ ਪਰਾਲੀ ਨੂੰ ਅੱਗਾਂ ਲਾਉਣ ਵਿਚ ਅੱਗੇ ਹਨ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਲਾਗਤ ਖਰਚੇ ਵਧਣ ਦੇ ਡਰੋਂ ਕਿਸਾਨ ਇਹ ਕਦਮ ਚੁੱਕਦੇ ਹਨ। ਦੋ ਹਫਤੇ ਪਹਿਲਾਂ ਪਾਕਿਸਤਾਨੀ ਪੰਜਾਬ ਦੇ ਮੁੱਖ ਸਕੱਤਰ ਯੂਸਫ਼ ਨਸੀਫ ਨੇ ਉੱਚ ਪੱਧਰੀ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਆਖਿਆ ਕਿ ਵਾਹਗਾ ਬਾਰਡਰ ਲਾਗੇ ਪਾਕਿਸਤਾਨੀ ਖੇਤਰ ਵਿਚ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਨਾਲੋਂ ਕਾਫ਼ੀ ਵਧ ਗਿਆ ਹੈ। ਸੂਤਰ ਆਖਦੇ ਹਨ ਕਿ ਜਦੋਂ ਚੜ੍ਹਦੇ ਪੰਜਾਬ ਵਿਚ ਝੋਨੇ ਦੀ ਕਟਾਈ ਜ਼ੋਰ ਫੜ ਗਈ, ਉਦੋਂ ਧੂੰਆਂ ਖਾਸ ਕਰਕੇ ਸਰਹੱਦੀ ਪਿੰਡਾਂ ਨੂੰ ਦਮੋਂ ਕੱਢੇਗਾ। ਪੰਜਾਬ ਵਿਚ ਐਤਕੀਂ ਕਰੀਬ 29 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਸੀ। ਖੇਤੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਐਰੀ ਦਾ ਕਹਿਣਾ ਸੀ ਕਿ ਫੀਲਡ ਅਫਸਰਾਂ ਤਰਫੋਂ ਜਨਰਲ ਤੌਰ ’ਤੇ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਖੇਤਾਂ ਵਿਚ ਵੀ ਇਨ੍ਹਾਂ ਦਿਨਾਂ ਵਿਚ ਪਰਾਲੀ ਨੂੰ ਅੱਗਾਂ ਲੱਗ ਰਹੀਆਂ ਹਨ, ਜਿਸ ਦੀ ਮਾਰ ਪੰਜਾਬ ਖ਼ਿੱਤੇ ਤੱਕ ਵੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਪਹਿਲਾਂ ਨਾਲੋਂ ਚੇਤੰਨ ਹੋਏ ਹਨ ਜਿਸ ਦੇ ਵਜੋਂ ਖੇਤਾਂ ਵਿਚ ਹੁਣ ਖਾਦਾਂ ਦੀ ਵਰਤੋਂ ਵਿਚ ਕਮੀ ਆਈ ਹੈ।
ਪਰਾਲੀ ਸਾੜਨ ਦੇ ਮਾਮਲੇ ਵਧੇ: ਡਾਇਰੈਕਟਰ
ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਦੇ ਡਾਇਰੈਕਟਰ ਡਾ. ਬ੍ਰਜਿੰਦਰਾ ਪਟੈਰੀਆ ਦਾ ਕਹਿਣਾ ਸੀ ਕਿ ਜੋ ਸੈਟੇਲਾਈਟ ਰਿਪੋਰਟ ਪ੍ਰਾਪਤ ਹੋਈ ਹੈ, ਉਸ ਮੁਤਾਬਿਕ ਪਾਕਿਸਤਾਨੀ ਪੰਜਾਬ ਦੇ ਪਿੰਡਾਂ ਵਿਚ ਵੀ ਪਰਾਲੀ ਨੂੰ ਅੱਗਾਂ ਲਾਏ ਜਾਣ ਦੀ ਸ਼ਨਾਖ਼ਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ 30 ਸਤੰਬਰ ਤੋਂ 15 ਅਕਤੂਬਰ ਤੱਕ 1200 ਥਾਵਾਂ ’ਤੇ ਅੱਗਾਂ ਲਾਏ ਜਾਣ ਦੀ ਸੂਚਨਾ ਹੈ ਜਦੋਂ ਕਿ ਪਿਛਲੇ ਵਰ੍ਹੇ ਇਸ ਸਮੇਂ ਦੌਰਾਨ 800 ਥਾਂਵਾਂ ’ਤੇ ਅੱਗ ਲਾਈ ਗਈ ਸੀ।