ਕੀ ਲਾਲ ਬੱਤੀ ਕਲਚਰ ਵਧਾਉਣਾ ਚਾਹੁੰਦੀ ਹੈ ਕੈਪਟਨ ਸਰਕਾਰ- ਹਰਪਾਲ ਸਿੰਘ ਚੀਮਾ

ਲਾਲ ਬੱਤੀ ਬਾਰੇ ਪੁਰਾਣੇ ਹੁਕਮ ਵਾਪਸ ਲੈ ਕੇ ਸਰਕਾਰ ਨੇ ਪਾਇਆ ਨਵਾਂ ਭੰਬਲ ਭੂਸਾ

ਚੰਡੀਗੜ੍ਹ , 15 ਜੁਲਾਈ 2019

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਨੋਟੀਫ਼ਿਕੇਸ਼ਨ ‘ਤੇ ਸਵਾਲ ਉਠਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਕੀ ਉਨ੍ਹਾਂ ਦੀ ਸਰਕਾਰ ਸੂਬੇ ‘ਚ ਵੀਆਈਪੀ ਕਲਚਰ ਨੂੰ ਹੋਰ ਪ੍ਰਫੁਲਿਤ ਕਰਨਾ ਚਾਹੁੰਦੀ ਹੈ? ਜਦਕਿ ਦਹਾਕਿਆਂ ਬੱਧੀ ਚੱਲਦੇ ਆ ਰਹੇ ਵੀਆਈਪੀ ਕਲਚਰ ਨੇ ਪੰਜਾਬ ਨੂੰ ਜੋਕਾਂ ਵਾਂਗ ਚੂਸ ਲਿਆ ਹੈ।

ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਜਾਰੀ ਉਸ ਹੁਕਮ (ਨੋਟੀਫ਼ਿਕੇਸ਼ਨ) ਦਾ ਸਖ਼ਤ ਨੋਟਿਸ ਲਿਆ, ਜਿਸ ਰਾਹੀਂ ਸਰਕਾਰ ਕਾਰਾਂ-ਗੱਡੀਆਂ (ਵਹੀਕਲਾਂ) ਦੀ ਛੱਤ ‘ਤੇ ਲਾਲ ਬੱਤੀ ਲਗਾਏ ਜਾਣ ਸੰਬੰਧੀ ਸਾਰੀਆਂ ਪੁਰਾਣੀਆਂ ਨੋਟੀਫ਼ਿਕੇਸ਼ਨ ਨੂੰ ਵਾਪਸ ਲੈ ਲਿਆ ਗਿਆ ਹੈ।

ਚੀਮਾ ਨੇ ਕਿਹਾ ਕਿ ਸਰਕਾਰ ਨੇ ਮਈ 2017 ‘ਚ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਸਰਕਾਰੀ ਵਹੀਕਲਾਂ ‘ਤੇ ਲਾਲ ਬੱਤੀ ਦੀ ਵਰਤੋਂ ਨਾ ਕਰਨ ਦੇ ਹੁਕਮ ਜਾਰੀ ਕੀਤੇ ਸਨ। ਜਿਸ ‘ਤੇ ਕਾਂਗਰਸ ਦੇ ਇੱਕ ਤਤਕਾਲੀ ਮੰਤਰੀ ਸਮੇਤ ਕਈ ਕਾਂਗਰਸੀਆਂ ਨੇ ਕਿੰਤੂ-ਪਰੰਤੂ ਵੀ ਕੀਤੀ ਸੀ ਅਤੇ ਬਹੁਤੇ ਸੱਤਾਧਾਰੀ ਕਾਂਗਰਸੀਆਂ ਨੇ ਆਪਣੀ ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਕਦੇ ਪ੍ਰਵਾਹ ਵੀ ਨਹੀਂ ਕੀਤੀ ਸੀ। ਹਾਲਾਂਕਿ ਕੈਪਟਨ ਸਰਕਾਰ ਨੇ ਆਪਣੀ ਮਈ 2017 ਦੀ ਨੋਟੀਫ਼ਿਕੇਸ਼ਨ ਨੂੰ ਵੀਆਈਪੀ ਕਲਚਰ ਖ਼ਤਮ ਕਰਨ ਦੇ ਨਾਂ ‘ਤੇ ਵਾਹ-ਵਾਹ ਖੱਟਣ ਦੀ ਕੋਸ਼ਿਸ਼ ਵੀ ਕੀਤੀ ਸੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲਾਲ ਬੱਤੀ ਬਾਰੇ ਗੋਲਮੋਲ ਤਰੀਕੇ ਨਾਲ ਜਾਰੀ ਕੀਤੀ ਤਾਜ਼ਾ ਨੋਟੀਫ਼ਿਕੇਸ਼ਨ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ-ਕਾਂਗਰਸੀ ਅਤੇ ਵੀਆਈਪੀ ਕਲਚਰ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਇਹ ਕਦੇ ਵੀ ਇਸ ਨੂੰ ਤਿਆਗ ਨਹੀਂ ਸਕਦੇ। ਚੀਮਾ ਅਨੁਸਾਰ ਜੇਕਰ ਅੱਜ ਪੰਜਾਬ ‘ਚ ਆਮ ਲੋਕ ਸਾਰੇ ਨਿੱਕੇ ਮੋਟੇ ਕੰਮਾਂ ਲਈ ਖੱਜਲ-ਖ਼ੁਆਰ ਹੋ ਰਹੇ ਹਨ ਜਾਂ ਕਦਮ-ਕਦਮ ‘ਤੇ ਰਿਸ਼ਵਤਖ਼ੋਰੀ ਤੋਂ ਪਰੇਸ਼ਾਨ ਹਨ ਤਾਂ ਇਸ ਦਾ ਇੱਕ ਮੁੱਖ ਕਾਰਨ ਵੀਆਈਪੀ ਕਲਚਰ ਹੀ ਹੈ। ਇਨ੍ਹਾਂ ਹੀ ਨਹੀਂ ਇਸ ਵੀਆਈਪੀ ਕਲਚਰ ਨੇ ਪੰਜਾਬ ਨੂੰ ਸਵਾ ਦੋ ਲੱਖ ਕਰੋੜ ਰੁਪਏ ਦਾ ਕਰਜ਼ਾਈ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ।