ਲਾਲੜੂ, 3 ਜੁਲਾਈ
ਸਥਾਨਥ ਵਾਰਡ ਨੰਬਰ-3 ਦੇ ਪਿੰਡ ਚਾਂਦਹੇੜੀ ਵਿੱਚ ਅੱਜ ਦੁਪਹਿਰ ਵੇਲੇ ਰਿਹਾਇਸ਼ੀ ਇਲਾਕੇ ਵਿੱਚ ਕਲੋਰੀਨ ਗੈੱਸ ਲੀਕ ਹੋ ਗਈ। ਇਹ ਗੈਸ ਪਿੰਡ ਵਿੱਚ ਲੱਗੇ ਟਿਊਬਵੈੱਲ ’ਤੇ ਪਏ ਕਰੀਬ 10 ਸਾਲ ਪੁਰਾਣੇ ਸਿਲੰਡਰ ਵਿੱਚੋਂ ਲੀਕ ਹੋਈ ਹੈ। ਗੈਸ ਲੀਕ ਹੋਣ ਕਾਰਨ ਸਥਾਨਕ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆੲੀ ਤੇ ਅੱਖਾਂ ਵਿੱਚ ਜਲਣ ਹੋਣ ਲੱਗੀ।
ਇਸ ਦੌਰਾਨ ਲਗਪਗ ਦੋ ਦਰਜਨ ਵਿਅਕਤੀ ਇਸ ਗੈਸ ਦੀ ਲਪੇਟ ਵਿੱਚ ਆਏ, ਜਿਨ੍ਹਾਂ ਵਿੱਚ ਬੱਚੇ ਅਤੇ ਇੱਕ ਗਰਭਵਤੀ ਔਰਤ ਵੀ ਸ਼ਾਮਲ ਹਨ। ਪੀਡ਼ਤਾਂ ਨੂੰ ਇਲਾਜ ਲਈ ਤੁਰੰਤ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਪੀਡ਼ਤਾਂ ਵਿੱਚ ਸ਼ਾਮਲ ਗਰਭਵਤੀ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਤੁਰੰਤ ਚੰਡੀਗ੍ਹੜ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਸਪਤਾਲ ’ਚ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਲੱਗੇ ਸਰਕਾਰੀ ਟਿਊਬਵੈੱਲ ਦੀ ਮੋਟਰ ਖਰਾਬ ਹੋਣ ਕਾਰਨ ਉਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅੰਦਰ ਪਿਆ ਕਲੋਰੀਨ ਗੈਸ ਵਾਲਾ ਕਰੀਬ 10 ਸਾਲ ਪੁਰਾਣਾ ਸਿਲੰਡਰ ਠੇਕੇਦਾਰ ਨੇ ਕੱਢ ਕੇ ਬਾਹਰ ਰੱਖ ਦਿੱਤਾ ਸੀ, ਜੋ ਅਚਾਨਕ ਲੀਕ ਹੋਣ ਲਗ ਪਿਆ। ਹੌਲੀ-ਹੌਲੀ ਗੈਸ ਫੈਲਣ ਲੱਗੀ ਅਤੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗ ਪਈ। ਸੂਚਨਾ ਮਿਲਣ ’ਤੇ ਡੇਰਾਬੱਸੀ ਤੋਂ ਫਾਇਰ ਬ੍ਰਿਗੇਡ ਕਰਮੀਆਂ ਨੇ ਮੌਕੇ ’ਤੇ ਪਹੁੰਚ ਕੇ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸਥਿਤੀ ’ਤੇ ਕਾਬੂ ਪਾਇਆ। ਕਲੋਰੀਨ ਗੈਸ ਵਾਲੇ ਸਿਲੰਡਰ ਨੂੰ ਪਾਣੀ ਵਾਲੇ ਟੋਏ ਵਿੱਚ ਸੁੱਟ ਕੇ ਉਸ ਦਾ ਪ੍ਰਭਾਵ ਰੋਕਿਆ ਗਿਆ, ਜਿਸ ਮਗਰੋਂ ਇਲਾਕੇ ਵਿੱਚ ਸਥਿਤੀ ਸੁਧਰੀ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਬਖਸ਼ ਸਿੰਘ ਸੰਧੂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਹੁਣ ਸਥਿਤੀ ਕਾਰੂ ਹੇਠ ਹੈ।