ਮੋਗਾ, 20 ਅਗਸਤ
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਅਤੇ ਗੈਂਗਸਟਰ ਪਰਬਤ ਸਿੰਘ ਨੂੰ ਫ਼ਰੀਦਕੋਟ ਜੇਲ੍ਹ ’ਚੋਂ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਇਥੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਜੀਤ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੋਵੇਂ ਮੁਲਜ਼ਮਾਂ ਦੀ ਅਦਾਲਤ ਵਿੱਚ ਪੇਸ਼ੀ ਦੇ ਮੱਦੇਨਜ਼ਰ ਸ਼ਹਿਰ ਨੂੰ ਨਾਕਾਬੰਦੀ ਕਰਕੇ ਸੀਲ ਕੀਤਾ ਗਿਆ ਸੀ ਤੇ ਅਦਾਲਤੀ ਕੰਪਲੈਕਸ ਤੋਂ ਕਿਲੋਮੀਟਰ ਦੂਰ ਤੱਕ ਆਵਾਜਾਈ ਬੰਦ ਰੱਖੀ ਗਈ। ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਐੱਸਪੀਡੀ ਅਜੇਰਾਜ ਸਿੰਘ ਨੇ ਕਿਹਾ ਕਿ ਪਹਿਲੀ ਅਪਰੈਲ 2022 ਨੂੰ ਥਾਣਾ ਬਾਘਾਪੁਰਾਣਾ ਅਧੀਨ ਪਿੰਡ ਮਾੜੀ ਮੁਸਤਫ਼ਾ ’ਚ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਨੌਜਵਾਨ ਹਰਜੀਤ ਸਿੰਘ ਉਰਫ਼ ਪਿੰਟਾ ਦੀ ਹੱਤਿਆ ਦੇ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਅਦਾਲਤ ਨੇ ਦੋਸ਼ ਆਇਦ ਕਰ ਦਿੱਤੇ ਹਨ। ਅਦਾਲਤ ਨੇ ਅਗਲੀ ਸੁਣਵਾਈ ਲਈ 25 ਸਤੰਬਰ ਦੀ ਮੁੜ ਪੇਸ਼ੀ ਮੁਕੱਰਰ ਕੀਤੀ ਹੈ।