ਬ੍ਰਿਸਬਨ:ਭਾਰਤ ਤੇ ਆਸਟਰੇਲੀਆ ਦਰਮਿਆਨ ਚੌਥੇ ਤੇ ਆਖਰੀ ਫੈਸਲਕੁਨ ਮੈਚ ਦੇ ਪਹਿਲੇ ਦਿਨ ਮਾਰਨਸ ਲਾਬੂਸ਼ੇਨ ਦੇ ਸੈਂਕੜੇ ਨਾਲ ਆਸਟਰੇਲੀਆ ਦੀ ਸਥਿਤੀ ਮਜ਼ਬੂਤ ਹੋ ਗਈ ਹੈ। ਮੇਜ਼ਬਾਨ ਟੀਮ ਨੇ ਖੇਡ ਖਤਮ ਹੋਣ ਤਕ ਪੰਜ ਵਿਕਟਾਂ ਦੇ ਨੁਕਸਾਨ ’ਤੇ 274 ਦੌੜਾਂ ਬਣਾ ਲਈਆਂ ਸਨ। ਆਸਟਰੇਲੀਆ ਨੇ ਦੋ ਵਿਕਟਾਂ 17 ਦੌੜਾਂ ’ਤੇ ਹੀ ਗੁਆ ਦਿੱਤੀਆਂ ਸਨ ਪਰ ਲਾਬੂਸ਼ੇਨ ਨੇ ਠਰ੍ਹੰਮੇ ਨਾਲ ਖੇਡਦਿਆਂ 108 ਦੌੜਾਂ ਬਣਾਈਆਂ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਕਪਤਾਨ ਟਿਮ ਪੇਨ 38 ਤੇ ਕੈਮਰੂਨ ਗਰੀਨ 28 ਦੌੜਾਂ ਬਣਾ ਕੇ ਖੇਡ ਰਹੇ ਸਨ। ਪਹਿਲਾ ਟੈਸਟ ਮੈਚ ਖੇਡ ਰਹੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਨੇ ਮੈਥਿਊ ਵੇਡ ਤੇ ਲਾਬੂਸ਼ੇਨ ਨੂੰ ਲਗਾਤਾਰ ਦੋ ਓਵਰਾਂ ਵਿਚ ਪੈਵੇਲੀਅਨ ਭੇਜਿਆ। ਇਸ ਤੋਂ ਪਹਿਲਾਂ ਵਾਸ਼ਿੰਗਟਨ ਸੁੰਦਰ ਨੇ ਸਟੀਵ ਸਮਿੱਥ ਨੂੰ 36 ਦੌੜਾਂ ’ਤੇ ਆਊਟ ਕੀਤਾ। ਇਸ ਮੈਚ ਵਿਚ ਭਾਰਤ ਨੂੰ ਇਕ ਹੋਰ ਝਟਕਾ ਲੱਗਾ ਜਦੋਂ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਜ਼ਖ਼ਮੀ ਹੋਣ ਕਾਰਨ ਮੈਦਾਨ ਛੱਡ ਗਿਆ।