ਟੋਰਾਂਟੋ, 20 ਮਾਰਚ : ਗ੍ਰੇਟਰ ਟੋਰਾਂਟੋ ਏਰੀਆ ਦੀ ਪੁਲਿਸ ਦਾ ਕਹਿਣਾ ਹੈ ਕਿ ਲਾਪਤਾ ਹੋਈ 5 ਸਾਲਾ ਬੱਚੀ ਦੇ ਮਿਲ ਜਾਣ ਤੋਂ ਬਾਅਦ ਐਲਰਟ ਹਟਾ ਦਿੱਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਬੱਚੀ ਦਾ ਪਿਤਾ ਹੀ ਉਸ ਨੂੰ ਟੋਰਾਂਟੋ ਦੇ ਉੱਤਰ ਵਿੱਚ ਮਾਰਖਮ, ਓਨਟਾਰੀਓ ਸਥਿਤ ਆਰਮਾਡੇਲ ਪਬਲਿਕ ਸਕੂਲ ਤੋਂ ਆਪਣੇ ਨਾਲ ਲੈ ਗਿਆ ਸੀ ਜਦਕਿ ਉਹ ਬੱਚੀ ਨੂੰ ਮਿਲ ਵੀ ਨਹੀਂ ਸੀ ਸਕਦਾ। ਅਧਿਕਾਰੀਆਂ ਨੇ ਦੋਿਸਆ ਕਿ ਦੋਵੇਂ ਪਹਿਲਾਂ ਟੈਕਸੀ ਮਿਨੀਵੈਨ ਰਾਹੀਂ ਇੱਕ ਨੇੜਲੇ ਬਿਜ਼ਨਸ ਕਾਂਪਲੈਕਸ ਕੋਲ ਪਹੁੰਚੇ ਤੇ ਫਿਰ ਉੱਥੋਂ ਉਹ ਕਿਸੇ ਹੋਰ ਗੱਡੀ ਵਿੱਚ ਬਹਿ ਕੇ ਅੱਗੇ ਗਏ।
ਪੁਲਿਸ ਨੇ ਦੱਸਿਆ ਕਿ ਪਿਓ-ਧੀ ਇੱਕ ਸਕੂਲ ਨੇੜਿਓਂ ਮਿਲੇ ਪਰ ਐਨ ਕਿਹੜੀ ਥਾਂ ਤੋਂ ਮਿਲੇ ਇਸ ਦੀ ਪਛਾਣ ਨਹੀਂ ਹੋ ਪਾਈ। ਯੌਰਕ ਰੀਜਨਲ ਪੁਲਿਸ ਸਰਵਿਸ ਦੀ ਤਰਜ਼ਮਾਨ ਕਾਂਸਟੇਬਲ ਲੌਰਾ ਨਿਕੋਲ ਨੇ ਆਖਿਆ ਕਿ ਬੱਚੀ ਸੁਰੱਖਿਅਤ ਹੈ, ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਉਸ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਨਿਕੋਲ ਨੇ ਦੱਸਿਆ ਕਿ ਜਿ਼ੰਮੇਵਾਰ ਨਾਗਰਿਕ ਵੱਲੋਂ ਐਲਰਟ ਤੋਂ ਬਾਅਦ ਜਾਰੀ ਕੀਤੇ ਗਏ ਵੇਰਵਿਆਂ ਨਾਲ ਮੇਲ ਖਾਂਦੇ ਲੋਕਾਂ ਨੂੰ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ।