ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ 18 ਅਗਸਤ ਤੋਂ ਮੁਫ਼ਤ ਹੋਣ ਜਾ ਰਿਹਾ ਹੈ। ਕਿਸਾਨਾਂ ਨੇ NHAI ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਵਾਹਨਾਂ ‘ਤੇ ਲੱਗਣ ਵਾਲੇ ਟੈਕਸ ਨੂੰ ਘੱਟ ਕਰਨ। ਜੇਕਰ NHAI ਨੇ ਰੇਟ ਘੱਟ ਨਹੀਂ ਕੀਤੇ ਤਾਂ ਇੱਕ ਵਾਰ ਫਿਰ ਤੋਂ ਕਿਸਾਨ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨਾ ਪ੍ਰਦਰਸ਼ਨ ਕਰ ਕੇ ਉਸਨੂੰ ਮੁਫ਼ਤ ਕਰਵਾਉਣਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 46 ਦਿਨਾਂ ਤੱਕ ਕਿਸਾਨਾਂ ਨੇ ਟੋਲ ਪਲਾਜ਼ਾ ‘ਤੇ ਪੱਕਾ ਮੋਰਚਾ ਲਗਾ ਕੇ ਟੋਲ ਫ੍ਰੀ ਕਰਵਾਇਆ ਸੀ। ਇਸ ਸਬੰਧੀ ਹਾਈਕੋਰਟ ਵਿੱਚ ਵੀ ਕੇਸ ਚੱਲਿਆ ਪਰ ਕਿਸਾਨ ਉੱਥੇ ਸਿੱਧਾ ਪਾਰਟੀ ਨਹੀਂ ਬਣ ਸਕਦੇ ਸਨ। ਇਸ ਮਾਮਲੇ ਵਿੱਚ ਹਾਈਕੋਰਟ ਵੱਲੋਂ NHAI ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਪ੍ਰਸ਼ਾਸਨ ਨੂੰ ਟੋਲ ਪਲਾਜ਼ਾ ਮੁੜ ਤੋਂ ਸ਼ੁਰੂ ਕਰਵਾਉਣ ਦੇ ਆਦੇਸ਼ ਦਿੱਤੇ ਸਨ।

ਇਸ ਸਬੰਧੀ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ 15 ਅਗਸਤ ਨੂੰ ਟ੍ਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਵੀ ਟੋਲ ਪਲਾਜ਼ਾ ‘ਤੇ ਟਾਰਗੇਟ ਕੀਤਾ ਜਾ ਰਿਹਾ ਹੈ। ਜਿਸ ਗੱਡੀ ‘ਤੇ ਕਿਸਾਨੀ ਝੰਡਾ ਲੱਗਿਆ ਹੁੰਦਾ ਹੈ ਉਸਨੂੰ ਰੋਕਿਆ ਜਾ ਰਿਹਾ ਹੈ। ਬਾਕੀ ਪੂਰੇ ਭਾਰਤ ਵਿੱਚ ਕਿਸਾਨੀ ਝੰਡਾ ਲੱਗਿਆ ਦੇਖ ਕੇ ਟੋਲ ‘ਤੇ ਨਹੀਂ ਰੋਕਿਆ ਜਾਂਦਾ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ 18 ਅਗਸਤ ਨੂੰ ਲਾਡੋਵਾਲ ਟੋਲ ਪਲਾਜ਼ਾ ‘ਤੇ ਮੀਟਿੰਗ ਕਰ ਕੇ ਜਲਦ ਟੋਲ ਨੂੰ ਮੁਫ਼ਤ ਕਰਵਾਏਗੀ।