ਜਗਦੇਵ ਨੂੰ ਡਰਾਈਵਰ ਲੱਗੇ ਅੱਠ ਸਾਲ ਹੋ ਚੁੱਕੇ ਸਨ। ਉਸ ਨੇ ਬਹੁਤ ਹੀ ਇਮਾਨਦਾਰੀ ਨਾਲ ਕੰਮ ਕੀਤਾ ਸੀ। ਜਦੋਂ ਸਰਦਾਰ ਜੀ ਨੇ ਕਿਤੇ ਵੀ ਜਾਣ ਲਈ ਬੁਲਾ ਲੈਣਾ ਤਾਂ ਝੱਟ ਹਾਜ਼ਰ ਹੁੰਦਾ। ਕਦੇ ਵੀ ਸਮਾਂ ਨਹੀਂ ਵੇਖਦਾ ਸੀ।

ਜਗਦੇਵ ਦੀ ਕੁੜੀ ਦਾ ਵਿਆਹ ਪੱਕਾ ਹੋ ਗਿਆ ਸੀ। ਉਸ ਨੂੰ ਵਿਆਹ ਦਾ ਸਾਮਾਨ ਇਕੱਠਾ ਕਰਨ ਦਾ ਫ਼ਿਕਰ ਹੋ ਗਿਆ ਸੀ। ਮਾਲਕ ਨੇ ਇੱਕ-ਦੋ ਵਾਰ ਉਸ ਦੇ ਚਿਹਰੇ ਦੇ ਹਾਵ-ਭਾਵ ਵੇਖ ਕੇ ਉਸ ਨੂੰ ਪੁੱਛਿਆ ਵੀ, ਪਰ ਉਹ ਟਾਲ ਜਾਂਦਾ। ਸਰਦਾਰ ਜੀ ਸਮਝ ਗਏ ਕਿ ਕੋਈ ਗੱਲ ਤਾਂ ਹੈ ਜੋ ਇਹ ਝਿਜਕ ਵਿੱਚ ਦੱਸ ਨਹੀਂ ਰਿਹਾ।

ਪਰ ਕਹਿੰਦੇ ਨੇ ਜੇ ਕੋਈ ਕੁਝ ਪਤਾ ਕਰਨ ਦੀ ਠਾਣ ਲਵੇ ਤਾਂ ਕੁਝ ਵੀ ਲੁਕਿਆ ਨਹੀਂ ਰਹਿੰਦਾ। ਸੋ ਵਿਆਹ ਵਾਲੀ ਗੱਲ ਉਨ੍ਹਾਂ ਨੂੰ ਪਤਾ ਲੱਗ ਗਈ, ਪਰ ਉਨ੍ਹਾਂ ਨੇ ਜਗਦੇਵ ਕੋਲ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ।

ਉਹ ਜਾਣਦੇ ਸਨ ਕਿ ਜਗਦੇਵ ਖ਼ੁਦਦਾਰ ਬੰਦਾ ਹੈ, ਇਸ ਨੇ ਝਿਜਕ ਵਿੱਚ ਕੁਝ ਨਹੀਂ ਮੰਗਣਾ। ਇਸ ਲਈ ਉਨ੍ਹਾਂ ਨੇ ਆਪਣੀ ਪਤਨੀ ਨਾਲ ਸਲਾਹ-ਮਸ਼ਵਰਾ ਕੀਤਾ।

ਵਿਆਹ ਤੋਂ ਚਾਰ ਦਿਨ ਪਹਿਲਾਂ ਜਗਦੇਵ ਸਰਦਾਰ ਜੀ ਕੋਲ ਆਇਆ। ਉਸ ਦੇ ਮਨ ਵਿੱਚ ਚੱਲ ਰਿਹਾ ਸੀ ਕਿ ਛੁੱਟੀ ਅਤੇ ਵਿਆਹ ਦੀ ਗੱਲ ਮਾਲਕ ਕੋਲ ਕਿਸ ਤਰ੍ਹਾਂ ਕਰੇ।

ਸਰਦਾਰ ਜੀ ਨੇ ਆਪ ਹੀ ਉਸ ਦੀ ਮਨੋਦਸ਼ਾ ਸਮਝਦਿਆਂ ਕਿਹਾ, ‘‘ਬਾਈ ਜਗਦੇਵ, ਹੁਣ ਤੂੰ ਕੁਝ ਦਿਨ ਆਪਣੀ ਛੁੱਟੀ ਸਮਝ।’’ ਜਗਦੇਵ ਨੂੰ ਇੰਨੀ ਗੱਲ ਸੁਣ ਕੇ ਕੰਬਣੀ ਜਿਹੀ ਛਿੜ ਗਈ। ਬੋਲਿਆ, ‘‘ਸਰਦਾਰ ਜੀ, ਕੋਈ ਗਲਤੀ ਹੋ ਗਈ ਮੇਰੇ ਤੋਂ?’’

ਇਸ ’ਤੇ ਜਵਾਬ ਮਿਲਿਆ, ‘‘ਨਹੀਂ ਜਗਦੇਵ, ਗੱਲ ਇਹ ਹੈ ਕਿ ਤੈਨੂੰ ਪਤਾ ਜੋਰਾਵਰ ਨੇ ਹੁਣ ਕਾਰ ਸਿੱਖ ਲਈ ਹੈ ਤੇ ਉਹ ਜ਼ਿੱਦ ਫੜੀ ਬੈਠਾ ਹੈ ਕਿ ਪਰਸੋਂ ਘੁੰਮਣ ਜਾਣ ਵੇਲੇ ਕਾਰ ਮੈਂ ਹੀ ਚਲਾਊਂਗਾ। ਸੋ ਤੂੰ ਹੁਣ ਚਾਰ ਦਿਨ ਦੀ ਛੁੱਟੀ ਮਾਰ। ਨਾਲੇ ਇੱਕ ਗੱਲ ਹੋਰ… ਉਹ ਆਪਣੀ ਦੂਸਰੀ ਗੱਡੀ ਕਈ ਦਿਨ ਦੀ ਇੰਝ ਹੀ ਖੜ੍ਹੀ ਹੈ। ਆਹ ਫੜ ਪੈਸੇ ਉਸ ਨੂੰ ਚਾਰ-ਪੰਜ ਦਿਨ ਚਲਾ ਕੇ ਸਹੀ ਕਰ ਲਵੀਂ।’’ ਦੂਸਰੇ ਪਾਸੇ ਖੜ੍ਹੀ ਸਰਦਾਰਨੀ ਨੇ ਵੀ ਅੱਖਾਂ ਹੀ ਅੱਖਾਂ ਵਿੱਚ ਆਪਣੀ ਸਹਿਮਤੀ ਦੇ ਦਿੱਤੀ।

ਫਿਰ ਉਹ ਜੋਰਾਵਰ ਨੂੰ ਮੁਖਾਤਿਬ ਹੁੰਦਿਆਂ ਬੋਲੇ, “ਹਾਂ ਪੁੱਤ, ਹੁਣ ਤੂੰ ਵੀ ਦੱਸਦੇ ਜੋ ਅੰਕਲ ਨੂੰ ਦੱਸਣਾ।”

ਜੋਰਾਵਰ ਬੋਲਿਆ, ‘‘ਅੰਕਲ ਜੀ, ਇਸ ਵਾਰ ਮਜ਼ਦੂਰ ਦਿਵਸ ’ਤੇ ਇੱਕ ਲਾਟਰੀ ਦੀ ਸਕੀਮ ਆਈ ਸੀ ਬਈ ਜੇ ਕੋਈ ਮਾਲਕ ਆਪਣੇ ਘਰ ਕੰਮ ਕਰਦੇ ਸੇਵਾਦਾਰ ਲਈ ਚਾਹੇ ਤਾਂ ਲਾਟਰੀ ਖਰੀਦ ਸਕਦਾ ਹੈ, ਪਰ ਇਨਾਮ ਉਸ ਸੇਵਾਦਾਰ ਨੂੰ ਹੀ ਮਿਲੇਗਾ। ਇਸ ਲਈ ਇਹ ਫੜੋ ਉਸ ਪਾਸੇ ਖੜ੍ਹੇ ਮੋਟਰ-ਸਾਈਕਲ ਦੀ ਚਾਬੀ।’’

ਸਰਦਾਰਨੀ ਨੇ ਜਗਦੇਵ ਦੀਆਂ ਅੱਖਾਂ ਵਿੱਚ ਆਈ ਨਮੀ ਨੂੰ ਵੇਖ ਲਿਆ। ਇਸ ਤੋਂ ਪਹਿਲਾਂ ਕਿ ਮਾਹੌਲ ਭਾਵੁਕਤਾ ਭਰਿਆ ਹੁੰਦਾ ਉਹ ਬੋਲੀ, “ਚਲੋ ਚਲੋ ਸਰਦਾਰ ਜੀ, ਤੁਸੀਂ ਤਾਂ ਇੱਥੇ ਹੀ ਡੇਰੇ ਲਾ ਲਏ, ਜਾਣ ਦੀ ਤਿਆਰੀ ਨਹੀਂ ਕਰਨੀ?”

ਜਗਦੇਵ ਚਾਬੀ ਤੇ ਪੈਸੇ ਫੜੀ ਵਾਪਸ ਆਉਂਦਾ ਸੋਚ ਰਿਹਾ ਸੀ ਜਿਸ ਮਜ਼ਦੂਰ ਦੇ ਮਾਲਕ ਅਜਿਹੇ ਨੇਕ-ਦਿਲ ਹੋਣ ਉਸ ਦੀ ਅਕਸਰ ਲਾਟਰੀ ਨਿਕਲ ਹੀ ਆਉਂਦੀ ਹੈ।

– ਅਮ੍ਰਿਤ ਬਰਨਾਲਵੀ